ਲੰਡਨ, 6 ਸਤੰਬਰ
ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਦਾ ਆਰਟੀਪੀਸੀਆਰ ਟੈਸਟ ਵੀ ਪਾਜ਼ੇਟਿਵ ਆਉਣ ਕਾਰਨ ਉਨ੍ਹਾਂ ਨੂੰ ਅਗਲੇ ਦਸ ਦਿਨਾਂ ਲਈ ਇਕਾਂਤਵਾਸ ਰਹਿਣਾ ਪਵੇਗਾ ਜਿਸ ਕਾਰਨ ਉਹ ਇੰਗਲੈਂਡ ਦੇ ਖ਼ਿਲਾਫ਼ ਮਾਨਚੈਸਟਰ ਵਿੱਚ ਪੰਜਵੇਂ ਅਤੇ ਆਖਰੀ ਟੈਸਟ ਵਿੱਚ ਟੀਮ ਤੋਂ ਬਾਹਰ ਰਹਿਣਗੇ। 59 ਸਾਲਾ ਸ਼ਾਸਤਰੀ ਦਾ ਐਤਵਾਰ ਨੂੰ ਰੈਪਿਡ ਐਂਟੀਜਨ ਟੈਸਟ ਪਾਜ਼ੇਟਿਵ ਆਇਆ ਸੀ। ਸੋਮਵਾਰ ਨੂੰ ਉਨ੍ਹਾਂ ਦੀ ਆਰਟੀਪੀਸੀਆਰ ਰਿਪੋਰਟ ਵਿੱਚ ਪਾਜ਼ੇਟਿਵ ਆਉਣ ਕਾਰਨ ਇਹ ਫੈਸਲਾ ਲਿਆ ਗਿਆ ਹੈ। ਦੱਸਣਯੋਗ ਹੈ ਕਿ ਇੰਗਲੈਂਡ ਖ਼ਿਲਾਫ਼ ਪੰਜਵਾਂ ਤੇ ਆਖਰੀ ਟੈਸਟ 10 ਸਤੰਬਰ ਨੂੰ ਖੇਡਿਆ ਜਾਣਾ ਹੈ। ਬੀਸੀਸੀਆਈ ਦੇ ਸੂਤਰਾਂ ਦੇ ਦੱਸਿਆ ,‘‘ਦੋ ਰੈਪਿਡ ਐਂਟੀਜਨ ਟੈਸਟ ਪਾਜ਼ੇਟਿਵ ਆਊਣ ਤੋਂ ਬਅਦ ਰਵੀ ਸ਼ਾਸਤਰੀ ਆਰਟੀਪੀਸੀਆਰ ਜਾਂਚ ਦੌਰਾਨ ਵੀ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਦਾ ਗਲਾ ਵੀ ਖਰਾਬ ਹੈ ਜਿਸ ਕਾਰਨ ਉਹ ਅਗਲੇ ਦਸ ਦਿਨਾਂ ਲਈ ਇਕਾਂਤਵਾਸ ਰਹਿਣਗੇ।’’ ਸੂਤਰਾਂ ਨੇ ਦੱਸਿਆ ਕਿ ਅਗਲਾ ਟੈਸਟ 10 ਸਤੰਬਰ ਤੋਂ ਸ਼ੁਰੂ ਹੋਵੇਗਾ ਤਾਂ ਸ਼ਾਸਤਰੀ ਟੀਮ ਨਾਲ ਨਹੀਂ ਜਾ ਸਕਣਗੇ। ਉਨ੍ਹਾਂ ਦੇ ਸੰਪਰਕ ’ਚ ਆਉਣ ਵਾਲੇ ਸਹਿਯੋਗੀ ਸਟਾਫ਼ ਦੇ ਤਿੰਨ ਮੈਂਬਰ ਵੀ ਇਕਾਂਤਵਾਸ ਕੀਤੇ ਗਏ ਹਨ। -ਪੀਟੀਆਈ