ਮੁੰਬਈ, 7 ਸਤੰਬਰ
ਮਨੀ ਲਾਂਡਰਿੰਗ ਕੇਸ ਵਿਚ ਗ੍ਰਿਫ਼ਤਾਰ ਸ਼ਿਵ ਸੈਨਾ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨੇ ਅੱਜ ਇੱਥੇ ਵਿਸ਼ੇਸ਼ ਅਦਾਲਤ ’ਚ ਜ਼ਮਾਨਤ ਅਰਜ਼ੀ ਦਾਖਲ ਕੀਤੀ ਹੈ। ਉਨ੍ਹਾਂ ਨੂੰ ਹਾਊਸਿੰਗ ਪ੍ਰਾਜੈਕਟ ਨਾਲ ਜੁੜੇ ਕੇਸ ’ਚ ਈਡੀ ਨੇ ਗ੍ਰਿਫ਼ਤਾਰ ਕੀਤਾ ਸੀ। ਰਾਊਤ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਪੀਐਮਐਲਏ ਅਦਾਲਤ ’ਚ ਭਲਕੇ ਹੋਵੇਗੀ। ਈਡੀ ਨੇ ਦੋਸ਼ ਲਾਇਆ ਸੀ ਕਿ ਗੋਰੇਗਾਓਂ ’ਚ ਇਕ ਪ੍ਰਾਜੈਕਟ ਦੀ ਮੁੜ ਉਸਾਰੀ ’ਚ ਬੇਨਿਯਮੀਆਂ ਮਿਲੀਆਂ ਹਨ ਜਿਨ੍ਹਾਂ ’ਚ ਰਾਊਤ ਦੀ ਭੂਮਿਕਾ ਹੈ। ਸ਼ਿਵ ਸੈਨਾ ਦਾ ਆਗੂ ਫ਼ਿਲਹਾਲ ਜੇਲ੍ਹ ਵਿਚ ਹੈ। ਈਡੀ ਨੇ ਦਾਅਵਾ ਕੀਤਾ ਸੀ ਕਿ ਰਾਜ ਸਭਾ ਮੈਂਬਰ ਨੂੰ ਇਸ ਪ੍ਰਾਜੈਕਟ ਵਿਚੋਂ ਦੋ ਕਰੋੜ ਰੁਪਏ ਮਿਲੇ ਹਨ। ਕੇਂਦਰੀ ਏਜੰਸੀ ਨੇ ਕਿਹਾ ਸੀ ਕਿ ਉਨ੍ਹਾਂ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ ਜਿਨ੍ਹਾਂ ਵਿਚ ਰਾਊਤ ਵੱਲੋਂ ਅਲੀਬਾਗ਼ ’ਚ ਸੰਪਤੀ ਖ਼ਰੀਦਣ ਦੇ ਸੰਕੇਤ ਮਿਲੇ ਹਨ। ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੇ ਕਰੀਬੀ ਰਾਊਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਤੇ ਕੇਸ ਨੂੰ ‘ਫ਼ਰਜ਼ੀ’ ਦੱਸਿਆ ਹੈ। -ਪੀਟੀਆਈ
ਸੰਜੇ ਰਾਊਤ ਨੂੰ ਜੇਲ੍ਹ ’ਚ ਨਹੀਂ ਮਿਲ ਸਕੇ ਊਧਵ ਠਾਕਰੇ
ਮੁੰਬਈ: ਸ਼ਿਵ ਸੈਨਾ ਪ੍ਰਧਾਨ ਊਧਵ ਠਾਕਰੇ ਨੂੰ ਜੇਲ੍ਹ ਵਿਚ ਬੰਦ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਰਾਊਤ ਨਾਲ ਮਿਲਣ ਨਹੀਂ ਦਿੱਤਾ ਗਿਆ ਸੀ ਤੇ ਜੇਲ੍ਹ ਪ੍ਰਸ਼ਾਸਨ ਨੇ ਇਸ ਲਈ ਉਨ੍ਹਾਂ ਨੂੰ ਅਦਾਲਤ ਤੋਂ ਪ੍ਰਵਾਨਗੀ ਲੈਣ ਲਈ ਕਿਹਾ ਸੀ। ਆਰਥਰ ਰੋਡ ਜੇਲ੍ਹ ਦੇ ਇਕ ਅਧਿਕਾਰੀ ਮੁਤਾਬਕ ਕੁਝ ਦਿਨ ਪਹਿਲਾਂ ਉਨ੍ਹਾਂ ਨੂੰ ਇਕ ਵਿਅਕਤੀ ਦਾ ਫੋਨ ਆਇਆ ਸੀ ਜੋ ਖ਼ੁਦ ਨੂੰ ਠਾਕਰੇ ਦਾ ਪ੍ਰਤੀਨਿਧੀ ਦੱਸ ਰਿਹਾ ਸੀ। ਉਸ ਨੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਠਾਕਰੇ ਰਾਊਤ ਨੂੰ ਮਿਲਣਾ ਚਾਹੁੰਦੇ ਹਨ। ਹਾਲਾਂਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਤੈਅ ਪ੍ਰਕਿਰਿਆ ਤਹਿਤ ਇਜਾਜ਼ਤ ਲੈਣ ਲਈ ਕਿਹਾ। -ਪੀਟੀਆਈ