ਸੂਰਤ, 15 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਦੇ ਮੁਸ਼ਕਲ ਸਮੇਂ ਤੋਂ ਬਾਅਦ ਭਾਰਤ ਦੀ ਆਰਥਿਕਤਾ ’ਚ ਤੇਜ਼ੀ ਨਾਲ ਸੁਧਾਰ ਹੋਇਆ ਹੈ। ਇਥੇ ਲੜਕਿਆਂ ਦੇ ਹੋਸਟਲ ਦਾ ਵਰਚੁਅਲੀ ਨੀਂਹ ਪੱਥਰ ਰੱਖਣ ਤੋਂ ਬਾਅਦ ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਅਰਥਚਾਰੇ ’ਚ ਹੋਏ ਸੁਧਾਰ ਨੂੰ ਦੇਖਦਿਆਂ ਦੁਨੀਆ ਹੁਣ ਭਾਰਤ ’ਤੇ ਆਸਾਂ ਲਗਾਈ ਬੈਠੀ ਹੈ। ਉਨ੍ਹਾਂ ਕਿਹਾ ਕਿ ਇਕ ਕੌਮਾਂਤਰੀ ਸੰਗਠਨ ਨੇ ਹੁਣੇ ਜਿਹੇ ਦਾਅਵਾ ਕੀਤਾ ਹੈ ਕਿ ਭਾਰਤ ਇਕ ਵਾਰ ਫਿਰ ਦੁਨੀਆ ਦੇ ਸਭ ਤੋਂ ਤੇਜ਼ ਵਿਕਸਤ ਅਰਥਚਾਰਿਆਂ ’ਚ ਸ਼ੁਮਾਰ ਹੋਣ ਦੇ ਰਾਹ ਪੈ ਗਿਆ ਹੈ। ਸ੍ਰੀ ਮੋਦੀ ਦਾ ਸਿੱਧਾ ਇਸ਼ਾਰਾ ਕੌਮਾਂਤਰੀ ਮੁਦਰਾ ਫੰਡ ਦੀ ਰਿਪੋਰਟ ਵੱਲ ਸੀ ਜਿਸ ਨੇ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਭਾਰਤ ਦੀ ਵਿਕਾਸ ਦਰ 9.5 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ। ਇਹ ਹੋਸਟਲ ਸੂਰਤ ਦੇ ਬਾਹਰਵਾਰ ਸੌਰਾਸ਼ਟਰ ਪਟੇਲ ਸੇਵਾ ਸਮਾਜ ਵੱਲੋਂ ਉਸਾਰਿਆ ਜਾ ਰਿਹਾ ਹੈ। ਇਹ ਟਰੱਸਟ ਪਾਟੀਦਾਰ ਭਾਈਚਾਰੇ ਦੀ ਭਲਾਈ ਲਈ ਕੰਮ ਕਰ ਰਿਹਾ ਹੈ।
ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਧਾਰਨ ਪਿਛੋਕੜ ਅਤੇ ਕਿਸੇ ਸਿਆਸੀ, ਵਿਸ਼ੇਸ਼ ਪਰਿਵਾਰ ਜਾਂ ਜਾਤ ਦੀ ਹਮਾਇਤ ਨਾ ਹੋਣ ਦੇ ਬਾਵਜੂਦ ਲੋਕਾਂ ਨੇ ਉਨ੍ਹਾਂ ਨੂੰ ਪਹਿਲਾਂ ਗੁਜਰਾਤ ਅਤੇ ਫਿਰ ਦੇਸ਼ ਦੀ ਅਗਵਾਈ ਕਰਨ ਦਾ ਮੌਕਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਸਾਰਾ ਕੁਝ ਲੋਕਾਂ ਦੇ ਆਸ਼ੀਰਵਾਦ ਦੀ ਤਾਕਤ ਦਾ ਅਸਰ ਹੈ ਕਿ ਉਹ ਅਜੇ ਵੀ ਸੇਵਾ ਕਰ ਰਹੇ ਹਨ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਲੋਕਾਂ ਨੂੰ ਸਰਦਾਰ ਵੱਲਭਭਾਈ ਪਟੇਲ ਵੱਲੋਂ ਦਿਖਾਏ ਰਾਹ ’ਤੇ ਚੱਲਣ ਦੀ ਅਪੀਲ ਕੀਤੀ। -ਪੀਟੀਆਈ
ਪ੍ਰਧਾਨ ਮੰਤਰੀ ਵੱਲੋਂ ਏਪੀਜੇ ਅਬਦੁਲ ਕਲਾਮ ਨੂੰ ਸ਼ਰਧਾਂਜਲੀ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦੇਸ਼ ਨੂੰ ਮਜ਼ਬੂਤ, ਖੁਸ਼ਹਾਲ ਤੇ ਸਮਰੱਥ ਬਣਾਉਣ ਨੂੰ ਸਮਰਪਿਤ ਕਰ ਦਿੱਤੀ ਤੇ ਦੇਸ਼ ਦੇ ਲੋਕਾਂ ਲਈ ਉਹ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ। ਮੋਦੀ ਨੇ ਟਵੀਟ ਕੀਤਾ, ‘ਮਿਜ਼ਾਈਲ ਮੈਨ ਵਜੋਂ ਮਸ਼ਹੂਰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡਾ. ਏਪੀਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਜੈਅੰਤੀ ’ਤੇ ਪ੍ਰਣਾਮ। ਉਨ੍ਹਾਂ ਆਪਣਾ ਜੀਵਨ ਭਾਰਤ ਨੂੰ ਮਜ਼ਬੂਤ, ਖੁਸ਼ਹਾਲ ਤੇ ਸਮਰੱਥ ਬਣਾਉਣ ਲਈ ਸਮਰਪਿਤ ਕਰ ਦਿੱਤਾ। ਦੇਸ਼ ਵਾਸੀਆਂ ਲਈ ਉਹ ਹਮੇਸ਼ਾ ਪ੍ਰੇਰਨਾ ਸਰੋਤ ਬਣੇ ਰਹਿਣਗੇ।’ ਜ਼ਿਕਰਯੋਗ ਹੈ ਕਿ ਅਬਦੁਲ ਕਲਾਮ 2002 ਤੋਂ 2007 ਤੱਕ ਭਾਰਤ ਦੇ 11ਵੇਂ ਰਾਸ਼ਟਰਪਤੀ ਰਹੇ। ਉਨ੍ਹਾਂ ਦਾ 2015 ’ਚ ਦੇਹਾਂਤ ਹੋ ਗਿਆ ਸੀ। ਇਸੇ ਦੌਰਾਨ ਪ੍ਰਧਾਨ ਮੰਤਰੀ ਨੇ ਆਪਣੇ ਮੰਤਰੀ ਮੰਡਲ ਦੇ ਸਹਿਯੋਗੀ ਮਹੇਂਦਰਨਾਥ ਪਾਂਡੇ ਤੇ ਮੁਖਤਾਰ ਅੱਬਾਸ ਨਕਵੀ ਨੂੰ ਵੀ ਉਨ੍ਹਾਂ ਦੇ ਜਨਮ ਦਿਨ ਦੀ ਵਧਾਈ ਦਿੱਤੀ। -ਪੀਟੀਆਈ