ਆਜ਼ਮਗੜ੍ਹ/ਲਖਨਊ, 9 ਅਕਤੂਬਰ
ਆਜ਼ਮਗੜ੍ਹ ਜ਼ਿਲ੍ਹੇ ਵਿਚ ਮਹਿਜ਼ਾਨਪੁਰ ਥਾਣਾ ਖੇਤਰ ਦੇ ਇਕ ਪਿੰਡ ਦੀ ਇਕ ਕਥਿਤ ਜਬਰ-ਜਨਾਹ ਪੀੜਤਾ ਨੇ ਮੁਲਜ਼ਮਾਂ ਖ਼ਿਲਾਫ਼ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਤੋ ਦੁੱਖੀ ਹੋ ਕੇ ਅੱਜ ਥਾਣੇ ਵਿਚ ਹੀ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਲੈ ਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਕਿਹਾ ਕਿ ਇਹ ਘਟਨਾ ਭਾਜਪਾ ਦੀ ਸਰਕਾਰ ਦੇ ਮੂੰਹ ’ਤੇ ਚਪੇੜ ਹੈ। ਆਜ਼ਮਗੜ੍ਹ ਦੇ ਐੱਸਪੀ ਨੇ ਇਸ ਮਾਮਲੇ ਵਿਚ ਥਾਣਾ ਮੁਖੀ ਨੂੰ ਮੁਅੱਤਲ ਕਰ ਦਿੱਤਾ ਹੈ। ਐੱਸਪੀ ਸੁਧੀਰ ਸਿੰਘ ਨੇ ਦੱਸਿਆ ਮਹਿਨਾਜ਼ਪੁਰ ਥਾਣਾ ਖੇਤਰ ਦੇ ਇਕ ਪਿੰਡ ਦੀ ਇਕ ਔਰਤ ਨੂੰ ਪਿਛਲੇ ਦਿਨੀਂ ਕੁਝ ਲੋਕਾਂ ਨੇ ਰਾਤ ਨੂੰ ਆਵਾਜ਼ ਮਾਰੀ ਅਤੇ ਜਦੋਂ ਉਹ ਘਰ ਤੋਂ ਬਾਹਰ ਨਿਕਲੀ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ। ਔਰਤ ਦੇ ਪਤੀ ਦਾ ਦੋਸ਼ ਹੈ ਕਿ ਪੀੜਤਾ ਨਾਲ ਜਬਰ-ਜਨਾਹ ਵੀ ਕੀਤਾ ਗਿਆ। ਇਸ ਦੌਰਾਨ ਉਸ ਨੇ ਪਿੰਡ ਦੇ ਹੀ ਅਨਿਲ ਨਾਂ ਦੇ ਇਕ ਵਿਅਕਤੀ ਨੂੰ ਪਛਾਣ ਲਿਆ ਸੀ। ਉੱਧਰ, ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੀੜਤਾ ਨੇ ਪੁਲੀਸ ਨੂੰ ਕਈ ਵਾਰ ਨਿਆਂ ਦੀ ਅਪੀਲ ਕੀਤੀ ਪਰ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਅੱਜ ਪੀੜਤਾ ਮਹਿਲਾ ਥਾਣੇ ਪਹੁੰਚੇ ਪਰ ਪੁਲੀਸ ਕਾਰਵਾਈ ਲਈ ਰਾਜ਼ੀ ਨਹੀਂ ਹੋਈ, ਜਿਸ ਮਗਰੋਂ ਉਸ ਨੇ ਥਾਣੇ ਵਿਚ ਹੀ ਜ਼ਹਿਰ ਨਿਗਲ ਲਿਆ। ਪੁਲੀਸ ਮਹਿਲਾ ਨੂੰ ਲੈ ਕੇ ਹਸਪਤਾਲ ਪਹੁੰਚੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਾਲਾਂਕਿ, ਐੱਸਪੀ ਨੇ ਕਿਹਾ ਕਿ ਮਹਿਲਾ ਨੇ ਥਾਣੇ ਵਿਚ ਜ਼ਹਿਰ ਨਹੀਂ ਸੀ ਨਿਗਲਿਆ। ਉਨ੍ਹਾਂ ਘਟਨਾ ’ਚ ਲਾਪ੍ਰਵਾਹੀ ਵਰਤਣ ਲਈ ਥਾਣਾ ਮੁਖੀ ਚੁੰਨਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਹੈ। -ਪੀਟੀਆਈ