ਨਵੀਂ ਦਿੱਲੀ, 15 ਸਤੰਬਰ
ਬਾਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ 200 ਕਰੋੜ ਰੁਪਏ ਦੇ ਫਿਰੌਤੀ ਮਾਮਲੇ ਦੀ ਜਾਂਚ ਲਈ ਦਿੱਲੀ ਪੁਲੀਸ ਦੀ ਆਰਥਿਕ ਅਪਰਾਧ ਸ਼ਾਖਾ ਸਾਹਮਣੇ ਪੇਸ਼ ਹੋਈ। ਇਹ ਦੂਜੀ ਵਾਰ ਹੈ ਜਦੋਂ ਉਸ ਨੂੰ ਦਿੱਲੀ ਪੁਲੀਸ ਨੇ ਇਸ ਕੇਸ ਵਿੱਚ ਉਹਦੀ ਕਥਿਤ ਭੂਮਿਕਾ ਲਈ ਤਲਬ ਕੀਤਾ ਹੈ। ਪੁਲੀਸ ਨੇ ਅਦਾਕਾਰਾ ਤੋਂ ਪੰਜ ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਜਾਣਕਾਰੀ ਅਨੁਸਾਰ ਫਤੇਹੀ ਨੂੰ ਪਿੰਕੀ ਇਰਾਨੀ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕੀਤੀ ਗਈ।
ਇਰਾਨੀ ਨੇ ਕਥਿਤ ਤੌਰ ’ਤੇ ਚੰਦਰਸ਼ੇਖਰ ਨਾਲ ਉਸ ਦੀ ਜਾਣ-ਪਛਾਣ ਕਰਵਾਈ ਸੀ। ਬੁੱਧਵਾਰ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਅਦਾਕਾਰਾ ਜੈਕਲੀਨ ਫਰਨਾਂਡੀਜ਼ ਤੋਂ ਪੁੱਛ ਪੜਤਾਲ ਕੀਤੀ ਗਈ ਸੀ। ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਰਾਨੀ ਤੇ ਫਤੇਹੀ ਅੱਜ ਮੰਦਿਰ ਮਾਰਗ ਸਥਿਤ ਆਰਥਿਕ ਅਪਰਾਧ ਵਿੰਗ ਦੇ ਦਫ਼ਤਰ ਵਿੱਚ ਪੇਸ਼ ਹੋਏ ਸਨ। -ਪੀਟੀਆਈ