ਪ੍ਰਭੂ ਦਿਆਲ
ਸਿਰਸਾ, 18 ਅਕਤੂਬਰ
ਰਣਜੀਤ ਕਤਲ ਕੇਸ ’ਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਮੇਤ ਪੰਜਾਂ ਦੋਸ਼ੀਆਂ ਨੂੰ ਉਮਰ ਕੈਦ ਸਜ਼ਾ ਸਣਾਏ ਜਾਣ ਮਗਰੋਂ ਡੇਰਾ ਸਿਰਸਾ ਵਿੱਚ ਸੁੰਨ ਪਸਰ ਗਈ ਹੈ। ਡੇਰੇ ਦੀ ਮਾਰਕੀਟ ਅਤੇ ਸਨਅਤਾਂ ਬੰਦ ਕਰ ਦਿੱਤੀਆਂ ਗਈਆਂ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਸਨ। ਡੇਰੇ ਨੂੰ ਜਾਣ ਵਾਲੇ ਰਾਹਾਂ ’ਤੇ ਪੁਲੀਸ ਵੱਲੋਂ ਨਾਕੇ ਲਾ ਕੇ ਵਾਹਨਾਂ ਦੀ ਚੈਕਿੰਗ ਕਰਨ ਮਗਰੋਂ ਹੀ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਦਿੱਤੀ ਗਈ। ਡੇਰਾ ਪ੍ਰੇਮੀ ਡੇਰੇ ਦੇ ਅੰਦਰ ਤੇ ਆਪਣੇ ਘਰਾਂ ’ਚ ਸਿਮਰਨ ਕਰਦੇ ਵੇਖੇ ਗਏ। ਉੱਧਰ ਮਰਹੂਮ ਪੱਤਰਕਾਰ ਰਾਮ ਚੰਦਰ ਛਤਰਪਤੀ ਦੇ ਪੁੱਤਰ ਅੰਸ਼ੁਲ ਛਤਰਪਤੀ ਨੇ ਫ਼ੈਸਲੇ ਦਾ ਸਵਾਗਤ ਕਰਦਿਆਂ ਅਦਾਲਤ ਦਾ ਧੰਨਵਾਦ ਕੀਤਾ ਹੈ। ਅੰਸ਼ੁਲ ਨੇ ਕਿਹਾ ਕਿ ਭਾਵੇਂ ਫੈਸਲਾ ਕਾਫੀ ਲੰਮੇ ਸਮੇਂ ਮਗਰੋਂ ਆਇਆ ਹੈ ਪਰ ਦੇਰ ਨਾਲ ਆਏ ਇਸ ਫ਼ੈਸਲੇ ਨੇ ਪੀੜਤ ਦੇ ਜ਼ਖ਼ਮਾਂ ’ਤੇ ਮਰਹਮ ਲਾਈ ਹੈ। ਉਨ੍ਹਾਂ ਚੰਗਾ ਹੁੰਦਾ ਜੇ ਇਹ ਫ਼ੈਸਲਾ ਰਣਜੀਤ ਦੇ ਪਿਤਾ ਦੇ ਜ਼ਿੰਦਾ ਰਹਿੰਦੇ ਹੀ ਆ ਜਾਂਦਾ ਜਿਨ੍ਹਾਂ ਨੇ ਇਸ ਕੇਸ ਨੂੰ ਬੜੀ ਸ਼ਿੱਦਤ ਨਾਲ ਲੜਿਆ।