ਪੱਤਰ ਪ੍ਰੇਰਕ
ਨਵੀਂ ਦਿੱਲੀ, 31 ਜੁਲਾਈ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਮੀਤ ਪ੍ਰਧਾਨ ਅਤੇ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਰਣਜੀਤ ਕੌਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਵਿੱਚ ਚੱਲਣ ਵਾਲੇ ਖਾਲਸਾ ਕਾਲਜ ਮੁੰਬਈ ਵਿੱਚ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਵਿਸ਼ੇਸ਼ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ। ਬੀਬੀ ਰਣਜੀਤ ਕੌਰ ਸਮੇਤ ਇਸਤਰੀ ਅਕਾਲੀ ਦਲ ਦਿੱਲੀ ਇਕਾਈ ਦੀਆਂ ਸਾਰੀਆਂ ਮਹਿਲਾਵਾਂ ਨੇ ਬੀਬੀ ਜਗੀਰ ਕੌਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਇਹ ਸੇਵਾ ਬੀਬੀ ਰਣਜੀਤ ਕੌਰ ਨੂੰ ਦਿੱਤੀ ਹੈ। ਬੀਬੀ ਰਣਜੀਤ ਕੌਰ ਜੋ ਕਿ ਇਕ ਅਧਿਆਪਕ ਵੀ ਹਨ ਅਤੇ ਘੱਟ ਗਿਣਤੀ ਦੇ ਬੱਚਿਆਂ ਦੀ ਫ਼ੀਸ ਮੁਆਫ਼ੀ ਵਿੱਚ ਦਿੱਲੀ ਸਰਕਾਰ ਤੋਂ ਕਰੋੜਾਂ ਰੁਪਏ ਦਾ ਜੋ ਯੋਗਦਾਨ ਮਿਲ ਰਿਹਾ ਹੈ ਉਸ ਵਿਚ ਬੀਬੀ ਰਣਜੀਤ ਕੌਰ ਦਾ ਬਹੁਤ ਯੋਗਦਾਨ ਹੈ। ਉਨ੍ਹਾਂ ਤੋਂ ਪਹਿਲਾਂ ਸਿਰਫ਼ 32 ਲੱਖ ਰੁਪਏ ਦੀ ਫ਼ੀਸ ਮੁਆਫ਼ੀ ਬੱਚਿਆਂ ਦੀ ਹੋਇਆ ਕਰਦੀ ਸੀ ਪਰ ਬੀਬੀ ਰਣਜੀਤ ਕੌਰ ਦੀ ਪ੍ਰਧਾਨਗੀ ਹੇਠ ਬਣਾਈ ਗਈ ਟੀਮ ਦੇ ਯਤਨਾਂ ਸਦਕਾ ਅੱਜ 75 ਕਰੋੜ ਰੁਪਏ ਦੇ ਕਰੀਬ ਫ਼ੀਸ ਮੁਆਫ਼ੀ ਦਾ ਲਾਭ ਸਿੱਖ ਬੱਚਿਆਂ ਨੂੰ ਮਿਲ ਰਿਹਾ ਹੈ।