ਗੁਹਾਟੀ, 23 ਅਗਸਤ
ਮੀਡੀਆ ਵਿਚ ਚੱਲ ਰਹੀਆਂ ਰਿਪੋਰਟਾਂ ਕਿ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਸੂਬੇ ’ਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ, ਦਾ ਭਾਜਪਾ ਦੀ ਅਸਾਮ ਇਕਾਈ ਨੇ ਖੰਡਨ ਕੀਤਾ ਹੈ। ਭਾਜਪਾ ਆਗੂਆਂ ਨੇ ਕਿਹਾ ਕਿ ਰੰਜਨ ਗੋਗੋਈ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਬਣਾਏ ਜਾਣ ਦੇ ਦਾਅਵਿਆਂ ’ਚ ਕੋਈ ਸੱਚਾਈ ਨਹੀਂ ਹੈ। ਅਸਾਮ ਭਾਜਪਾ ਦੇ ਪ੍ਰਧਾਨ ਰਣਜੀਤ ਕੁਮਾਰ ਦਾਸ ਨੇ ਕਿਹਾ ਕਿ ਕੁਝ ਲੋਕ ਖੁਦ ਨੂੰ ਉਭਾਰਨ ਲਈ ਅਫਵਾਹਾਂ ਫੈਲਾਉਂਦੇ ਹਨ ਤੇ ਤਰੁਣ ਗੋਗੋਈ ਦਾ ਬਿਆਨ ਇਸੇ ਸ਼੍ਰੇਣੀ ’ਚ ਆਉਂਦਾ ਹੈ। ਉਨ੍ਹਾਂ ਕਿਹਾ ਕਿ ਤਰੁਣ ਗੋਗੋਈ ਦੇ ਬਿਆਨ ’ਚ ਕੋਈ ਸੱਚਾਈ ਨਹੀਂ ਹੈ। ਸੂਬੇ ਦੇ ਸੀਨੀਅਰ ਕਾਂਗਰਸ ਆਗੂ ਤਰੁਣ ਗੋਗੋਈ ਨੇ ਕਿਹਾ ਸੀ ਕਿ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਭਾਰਤੀ ਜਨਤਾ ਪਾਰਟੀ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਹੋ ਸਕਦੇ ਹਨ। ਉਨ੍ਹਾਂ ਕਿਹਾ, ‘ਮੈਨੂੰ ਕਈ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਭਾਜਪਾ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਲਈ ਤਿਆਰ ਕੀਤੀ ਉਮੀਦਵਾਰਾਂ ਦੀ ਸੂਚੀ ’ਚ ਰੰਜਨ ਗੋਗੋਈ ਦਾ ਨਾਂ ਵੀ ਸ਼ਾਮਲ ਹੈ।’ -ਪੀਟੀਆਈ