ਮੁੰਬਈ, 26 ਅਗਸਤ
ਸ਼ਿਵ ਸੈਨਾ ਨੇ ਵੀਰਵਾਰ ਨੂੰ ਦਾਅਵਾ ਕੀਤਾ ਕਿ ਕੇਂਦਰੀ ਮੰਤਰੀ ਨਰਾਇਣ ਰਾਣੇ ਨੇ ਮਹਾਰਾਸ਼ਟਰ ਦੇ ਮਾਣ-ਤਾਣ ਅਤੇ ਵੱਕਾਰ ਨੂੰ ਢਾਹ ਲਾਈ ਹੈ। ਮੁੱਖ ਮੰਤਰੀ ਊਧਵ ਠਾਕਰੇ ਖ਼ਿਲਾਫ਼ ਵਿਵਾਦਤ ਟਿੱਪਣੀਆਂ ਕਰਨ ’ਤੇ ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ।
ਸੈਨਾ ਦੇ ਅਖ਼ਬਾਰ ‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਰਾਣੇ ਦੇ ਕੇਂਦਰੀ ਵਜ਼ਾਰਤ ਵਿੱਚ ਗਿਣਤੀ ਦੇ ਦਿਨ ਰਹਿ ਗਏ ਹਨ। ਚੇਤੇ ਰਹੇ ਹਫ਼ਤਾ ਕੁ ਪਹਿਲਾਂ ਰਾਣੇ ਵੱਲੋਂ ਭਾਰਤ ਦੀ ਆਜ਼ਾਦੀ ਦੇ ਵਰ੍ਹੇ ਦੀ ਅਣਦੇਖੀ ਕਰਨ ’ਤੇ ਠਾਕਰੇ ਨੂੰ ਥੱਪੜ ਜੜਨ ਦੇ ਦਿੱਤੇ ਗਏ ਬਿਆਨ ਤੋਂ ਵਿਵਾਦ ਭਖ਼ ਗਿਆ ਸੀ। ਮਹਾਰਾਸ਼ਟਰ ਵਿੱਚ ਵੀਰਵਾਰ ਨੂੰ ਉਸ ਨੂੰ ਰਤਨਾਗਿਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਸੀ। ਇਸ ਵਿਵਾਦ ਦੇ ਵਿਰੋਧ ਵਿੱਚ ਮਹਾਰਾਸ਼ਟਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਸਨ।
‘ਸਾਮਨਾ’ ਵਿੱਚ ਛਪੇ ਸੰਪਾਦਕੀ ਵਿੱਚ ਕਿਹਾ ਗਿਆ ਕਿ ਰਾਣੇ ਦਿਮਾਗੀ ਤੌਰ ’ਤੇ ਤੰਦਰੁਸਤ ਨਹੀਂ ਹਨ, ਉਨ੍ਹਾਂ ਮਹਾਰਾਸ਼ਟਰ ਦੇ ਵੱਕਾਰ ਤੇ ਮਾਣ ਨੂੰ ਢਾਹ ਲਾਈ ਹੈ, ਭਾਜਪਾ ਨੂੰ ਹੁਣ ਤਾਂ ਇਹ ਗੱਲ ਸਮਝਣੀ ਚਾਹੀਦੀ ਹੈ।’ ਸੰਪਾਦਕੀ ਮੁਤਾਬਕ, ‘ਰਾਣੇ ਨੇ ਕਿਹਾ ਹੈ ਕਿ ਮਹਾਰਾਸ਼ਟਰ ਕੇਂਦਰ ਨਾਲ ਆਢਾ ਨਹੀਂ ਲੈ ਸਕਦਾ, ਕਿਉਂਕਿ ਉਥੇ ਭਾਜਪਾ ਦੀ ਸਰਕਾਰ ਹੈ।’ ਮਰਾਠੀ ਅਖ਼ਬਾਰ ਨੇ ਰਾਣੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। -ਪੀਟੀਆਈ
ਭਾਜਪਾ ਆਗੂ ਰਾਣੇ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ
ਮੁੰਬਈ: ਸ਼ਿਵ ਸੈਨਾ ਦੇ ਵਿਧਾਇਕ ਵੈਭਵ ਨਾਇਕ ਨੇ ਪੁਲੀਸ ਤੱਕ ਪਹੁੰਚ ਕਰਕੇ ਭਾਜਪਾ ਵਿਧਾਇਕ ਪ੍ਰਮੋਦ ਜਥਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਨੇ ਕੇਂਦਰੀ ਮੰਤਰੀ ਨਰਾਇਣ ਰਾਣੇ ਦੀ ਤੁਲਨਾ ਕਥਿਤ ਤੌਰ ’ਤੇ ਮਰਾਠਾ ਯੋਧੇ ਰਾਜਾ ਛੱਤਰਪਤੀ ਸ਼ਿਵਾਜੀ ਮਹਾਰਾਜ ਦੇ ਪੁੱਤਰ ਛੱਤਰਪਤੀ ਸੰਭਾਜੀ ਮਹਾਰਾਜ ਨਾਲ ਕੀਤੀ ਹੈ। ਨਾਇਕ ਨੇ ਕਿਹਾ ਕਿ ਜਥਾਰ ਵੱਲੋਂ ਰਾਣੇ ਦੀ ਤੁਲਨਾ ਸੰਭਾਜੀ ਮਹਾਰਾਜ ਨਾਲ ਕਰਨਾ ਹੈਰਾਨੀਜਨਕ ਹੈ। ਇਸ ਨਾਲ ਉਸ ਸਮੇਤ ਮਹਾਰਾਜ ਦੇ ਲੱਖਾਂ ਚਾਹੁਣ ਵਾਲਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਵਿਧਾਇਕ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿੱਚ ਪੈਂਦੇ ਥਾਣੇ ਕਨਕਾਵਲੀ ਸ਼ਿਕਾਇਤ ਕਰਨ ਗਏ ਸਨ। ਉਨ੍ਹਾਂ ਜਥਾਰ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਛੱਤਰਪਤੀ ਸੰਭਾਜੀ ਮਹਾਰਾਜ ਮਹਾਨ ਆਗੂ ਸਨ ਜਿਨ੍ਹਾਂ ਨੂੰ ਮੁਗ਼ਲ ਰਾਜੇ ਔਰੰਗਜ਼ੇਬ ਨੇ ਸੰਗਮੇਸ਼ਵਰ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਉਨ੍ਹਾਂ ’ਤੇ ਤਸ਼ੱਦਦ ਢਾਹਿਆ ਸੀ। ਜ਼ਿਕਰਯੋਗ ਹੈ ਕਿ ਨਾਇਕ ਨੇ 2014 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਰਾਣੇ ਨੂੰ ਹਰਾਇਆ ਸੀ। -ਪੀਟੀਆਈ
ਹਿੰਦੂ ਆਗੂ ਨੇ ਰਾਣੇ ਦੇ ਸਿਰ ’ਤੇ ਇਨਾਮ ਐਲਾਨਿਆ
ਵਾਰਾਨਸੀ: ਵਿਸ਼ਵ ਹਿੰਦੂ ਸੈਨਾ ਦੇ ਪ੍ਰਧਾਨ ਅਰੁਣ ਪਾਠਕ ਨੇ ਇਕ ਵਾਰ ਫੇਰ ਸੋਸ਼ਲ ਮੀਡੀਆ ’ਤੇ ਵਿਵਾਦਤ ਬਿਆਨ ਦਿੱਤਾ ਹੈ। ਪਾਠਕ ਨੇ ਫੇਸਬੁੱਕ ਤੇ ਟਵਿੱਟਰ ’ਤੇ ਕੇਂਦਰੀ ਮੰਤਰੀ ਨਰਾਇਣ ਰਾਣੇ ਦਾ ਸਿਰ ਲਾਹੁਣ ਬਦਲੇ 51 ਲੱਖ ਦਾ ਇਨਾਮ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਅਰੁਣ ਪਾਠਕ, ਵਾਰਾਨਸੀ ਵਿੱਚ ਮੁੱਖ ਮੰਤਰੀ ਤੇ ਪ੍ਰਧਾਨ ਮੰਤਰੀ ਦੇ ਪੋਸਟਰਾਂ ’ਤੇ ਸਿਆਹੀ ਮਲਣ ਦੇ ਕੇਸ ਵਿੱਚ ਤਿੰਨ ਮਹੀਨੇ ਤੋਂ ਫ਼ਰਾਰ ਹੈ। ਉਹ ਭੇਲਪੁਰ ਪੁਲੀਸ ਸਟੇਸ਼ਨ ਵਿੱਚ ਦਰਜ ਕੇਸ ਵਿੱਚ ਪੁਲੀਸ ਨੂੰ ਲੋੜੀਂਦਾ ਹੈ ਪਰ ਪੁਲੀਸ ਉਸ ਦੀ ਪੈੜ ਨੱਪਣ ਵਿੱਚ ਨਾਕਾਮ ਰਹੀ। -ਆਈਏਐਨਐਸ