ਮੁੰਬਈ, 29 ਅਪਰੈਲ
ਮੁੰਬਈ ਪੁਲੀਸ ਨੇ ਸ਼ੁੱਕਰਵਾਰ ਨੂੰ ਇਕ ਵਿਸ਼ੇਸ਼ ਅਦਾਲਤ ਨੂੰ ਦੱਸਿਆ ਕਿ ਅਮਰਾਵਤੀ ਦੀ ਸੰਸਦ ਮੈਂਬਰ ਨਵਨੀਤ ਰਾਣਾ ਅਤੇ ਉਸ ਦੇ ਵਿਧਾਇਕ ਪਤੀ ਰਵੀ ਰਾਣਾ ਦੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਦੀ ਰਿਹਾਇਸ਼ ਦੇ ਬਾਹਰ ਹਨੂੰਮਾਨ ਚਾਲੀਸਾ ਦਾ ਪਾਠ ਕਰਨ ਸਬੰਧੀ ਯੋਜਨਾ ਭਾਵੇਂ ਆਮ ਜਿਹੀ ਗੱਲ ਜਾਪਦੀ ਹੈ ਪਰ ਹਕੀਕਤ ’ਚ ਇਹ ਐੱਮਵੀਏ ਸਰਕਾਰ ਨੂੰ ਚੁਣੌਤੀ ਦੇਣ ਵੀ ਵੱਡੀ ਸਾਜ਼ਿਸ਼ ਸੀ। ਪੁਲੀਸ ਨੇ ਇਹ ਵੀ ਦਾਅਵਾ ਕੀਤਾ ਕਿ ਵਿਰੋਧੀ ਧਿਰ ਭਾਜਪਾ ਅਤੇ ਊਧਵ ਠਾਕਰੇ ਦੇ ਸਿਆਸੀ ਵਿਰੋਧੀ ਉਨ੍ਹਾਂ ਨੂੰ ਹਿੰਦੂ ਵਿਰੋਧੀ ਗਰਦਾਨਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਇਹ ਦਿਖਾਉਣਾ ਚਾਹੁੰਦੇ ਸਨ ਕਿ ਮੌਜੂਦਾ ਸਰਕਾਰ ’ਚ ਹਿੰਦੂਆਂ ਲਈ ਆਪਣੇ ਧਰਮ ਦਾ ਪਾਲਣ ਕਰਨਾ ਮੁਸ਼ਕਲ ਹੈ ਜਿਸ ਨਾਲ ਮੁਸਲਮਾਨਾਂ ਖ਼ਿਲਾਫ਼ ਨਫ਼ਰਤ ਵਧਦੀ ਅਤੇ ਤਣਾਅ ਪੈਦਾ ਹੁੰਦਾ। ਪੁਲੀਸ ਨੇ ਰਾਣਾ ਜੋੜੇ ਦੀ ਜ਼ਮਾਨਤ ਅਰਜ਼ੀਆਂ ਦਾ ਵਿਰੋਧ ਕਰਦਿਆਂ ਵਿਸ਼ੇਸ਼ ਸਰਕਾਰੀ ਵਕੀਲ ਪ੍ਰਦੀਪ ਘਰਾਤ ਰਾਹੀਂ ਦਾਖ਼ਲ ਹਲਫ਼ਨਾਮੇ ’ਚ ਇਹ ਦਾਅਵਾ ਕੀਤਾ ਹੈ। ਰਾਣਾ ਜੋੜੇ ਨੂੰ 23 ਅਪਰੈਲ ਨੂੰ ਦੇਸ਼ਧ੍ਰੋਹ ਅਤੇ ਹੋਰ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਵਿਸ਼ੇਸ਼ ਜੱਜ ਆਰ ਐੱਨ ਰੋਕਾਡੇ ਨੇ ਕਿਹਾ ਕਿ ਉਹ ਸ਼ਨਿਚਰਵਾਰ ਨੂੰ ਜ਼ਮਾਨਤ ਅਰਜ਼ੀਆਂ ’ਤੇ ਸੁਣਵਾਈ ਕਰਨਗੇ। ਰਾਣਾ ਜੋੜਾ ਅਜੇ ਜੁਡੀਸ਼ਲ ਹਿਰਾਸਤ ’ਚ ਹੈ। ਪੁਲੀਸ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਜ਼ਮਾਨਤ ’ਤੇ ਛੱਡਿਆ ਜਾਂਦਾ ਹੈ ਤਾਂ ਮੁਲਜ਼ਮ ਸਬੂਤਾਂ ਨਾਲ ਛੇੜਖਾਨੀ ਕਰ ਸਕਦੇ ਹਨ ਜਾਂ ਗਵਾਹਾਂ ਨੂੰ ਪ੍ਰਭਾਵਿਤ ਵੀ ਕਰ ਸਕਦੇ ਹਨ।
ਪੁਲੀਸ ਨੇ ਇਹ ਵੀ ਕਿਹਾ ਹੈ ਕਿ ਮੁਲਜ਼ਮ ਮੁੰਬਈ ਦੇ ਪੱਕੇ ਨਿਵਾਸੀ ਨਹੀਂ ਹਨ ਅਤੇ ਜੇਕਰ ਜ਼ਮਾਨਤ ਦਿੱਤੀ ਜਾਂਦੀ ਹੈ ਤਾਂ ਉਹ ਜਾਂਚ ਅਤੇ ਮੁਕੱਦਮੇ ਲਈ ਉਪਲੱਬਧ ਨਹੀਂ ਹੋ ਸਕਦੇ ਹਨ। ਪੁਲੀਸ ਨੇ ਆਪਣੇ ਹਲਫ਼ਨਾਮੇ ’ਚ ਦਾਅਵਾ ਕੀਤਾ ਹੈ ਕਿ ਭਾਜਪਾ, ਜੋ ਮਹਾਰਾਸ਼ਟਰ ’ਚ ਵਿਰੋਧੀ ਧਿਰ ਹੈ, ਮੌਜੂਦਾ ਸਰਕਾਰ ਦੀਆਂ ਪ੍ਰਸ਼ਾਸਨਿਕ ਨੀਤੀਆਂ ਦਾ ਸਖ਼ਤ ਵਿਰੋਧ ਕਰਦੀ ਰਹੀ ਹੈ ਅਤੇ ਹਿੰਦੂਤਵ ਪ੍ਰਤੀ ਸਟੈਂਡ ਲਈ ਹੁਕਮਰਾਨ ਸ਼ਿਵ ਸੈਨਾ ਦੀ ਆਲੋਚਨਾ ਕਰਦੀ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਅਜਿਹਾ ਇਸ ਲਈ ਕਰ ਰਹੀ ਹੈ ਕਿਉਂਕਿ ਸ਼ਿਵ ਸੈਨਾ ਨੇ ਐੱਨਸੀਪੀ ਅਤੇ ਕਾਂਗਰਸ ਨਾਲ ਸਰਕਾਰ ਬਣਾਉਣ ਲਈ ਗੱਠਜੋੜ ਕੀਤਾ ਸੀ ਜਿਸ ਕਾਰਨ ਭਾਜਪਾ ਸੱਤਾ ’ਚ ਨਹੀਂ ਆ ਸਕੀ ਸੀ। ਪੁਲੀਸ ਨੇ ਆਪਣੇ ਹਲਫ਼ਨਾਮੇ ’ਚ ਰਾਣਾ ਜੋੜੇ ਦੇ ਉਨ੍ਹਾਂ ਦਾਅਵਿਆਂ ਨੂੰ ਵੀ ਖਾਰਜ ਕਰ ਦਿੱਤਾ ਕਿ ਉਹ ਸਿਰਫ਼ ਹਨੂੰਮਾਨ ਚਾਲੀਸਾ ਦਾ ਪਾਠ ਕਰਨਾ ਚਾਹੁੰਦੇ ਸਨ ਜੋ ਪੂਜਾ-ਪਾਠ ਦਾ ਕੰਮ ਹੈ ਅਤੇ ਇਸ ਨੂੰ ਜੁਰਮ ਨਹੀਂ ਮੰਨਿਆ ਜਾ ਸਕਦਾ ਹੈ। ਪੁਲੀਸ ਮੁਤਾਬਕ ਯੋਜਨਾ ਦਾ ਉਦੇਸ਼ ਕਾਨੂੰਨ ਅਤੇ ਪ੍ਰਬੰਧ ਦੀ ਹਾਲਤ ਖ਼ਰਾਬ ਕਰਨਾ ਸੀ। ਪੁਲੀਸ ਨੇ ਕਿਹਾ ਕਿ ਰਾਣਾ ਜੋੜੇ ਨੇ 22 ਅਪਰੈਲ ਨੂੰ ਜਾਰੀ ਨੋਟਿਸ ਦੀ ਪ੍ਰਵਾਹ ਨਹੀਂ ਕੀਤੀ ਜਿਸ ’ਚ ਉਨ੍ਹਾਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਨਾ ਜਾਣ ਦੀ ਬੇਨਤੀ ਕੀਤੀ ਗਈ ਸੀ। ਇਸ ’ਚ ਕਿਹਾ ਗਿਆ ਕਿ ਮੁਲਜ਼ਮਾਂ ਨੇ ਲੋਕਾਂ ਵਿਚਕਾਰ ਨਫ਼ਰਤ, ਦੁਸ਼ਮਣੀ ਅਤੇ ਮੁਕਾਬਲੇਬਾਜ਼ੀ ਦੀ ਭਾਵਨਾ ਪੈਦਾ ਕੀਤੀ ਅਤੇ ਉਨ੍ਹਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਗੰਭੀਰ ਕੇਸ ਦਰਜ ਕੀਤਾ ਗਿਆ ਹੈ। -ਪੀਟੀਆਈ