ਨਵੀਂ ਦਿੱਲੀ, 11 ਅਕਤੂਬਰ
ਨੈਸ਼ਨਲ ਕਾਨਫਰੰਸ ਦਾ ਲੜ ਛੱਡਣ ਤੋਂ ਇਕ ਦਿਨ ਬਾਅਦ ਜੰਮੂ ਡਿਵੀਜ਼ਨ ਦੇ ਸਾਬਕਾ ਪ੍ਰਧਾਨ ਦਵਿੰਦਰ ਰਾਣਾ ਸੋਮਵਾਰ ਨੂੰ ਇਕ ਹੋਰ ਪਾਰਟੀ ਆਗੂ ਸੁਰਜੀਤ ਸਿੰਘ ਸਲਾਥੀਆ ਨਾਲ ਭਾਜਪਾ ਵਿੱਚ ਸ਼ਾਮਲ ਹੋ ਗਏ। ਰਾਣਾ ਤੇ ਸਲਾਥੀਆ ਅੱਜ ਇੱਥੇ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ, ਹਰਦੀਪ ਸਿੰਘ ਪੁਰੀ ਅਤੇ ਜੀਤੇਂਦਰ ਸਿੰਘ ਦੀ ਮੌਜੂਦਗੀ ਵਿੱਚ ਭਾਜਪਾ ਵਿੱਚ ਸ਼ਾਮਲ ਹੋ ਗਏ। ਜ਼ਿਕਰਯੋਗ ਹੈ ਰਾਣਾ ਸਾਬਕਾ ਵਿਧਾਇਕ ਅਤੇ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਦੇ ਛੋਟੇ ਭਰਾ ਹਨ। ਉਨ੍ਹਾਂ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਆਗੂ ਉਮਰ ਅਬਦੁਲ੍ਹਾ ਦੇ ਸਾਬਕਾ ਸਿਆਸੀ ਸਲਾਹਕਾਰ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਹਨ। ਭਾਜਪਾ ਦੇ ਜਨਰਲ ਸਕੱਤਰ ਤੇ ਜੰਮੂ-ਕਸ਼ਮੀਰ ਦੇ ਇੰਚਾਰਜ ਤਰੁਣ ਚੁੱਘ ਅਤੇ ਪਾਰਟੀ ਦੇ ਜੰਮੂ-ਕਸ਼ਮੀਰ ਯੂਨਿਟ ਦੇ ਮੁਖੀ ਰਵਿੰਦਰ ਰੈਣਾ ਨੇ ਪਾਰਟੀ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। -ਪੀਟੀਆਈ
ਐਨਸੀ ਦੇ ਛੇ ਹੋਰ ਆਗੂਆਂ ਵੱਲੋਂ ਅਸਤੀਫ਼ਾ
ਨੈਸ਼ਨਲ ਕਾਨਫਰੰਸ ਦੇ ਛੇ ਹੋਰ ਆਗੂਆਂ ਨੇ ਅਸਤੀਫ਼ਾ ਦੇ ਦਿੱਤਾ ਹੈ। ਦਰਜਨਾਂ ਕਾਰਕੁਨਾਂ ਨੇ ਵੀ ਪਾਰਟੀ ਤੋਂ ਅਸਤੀਫ਼ੇ ਦਿੱਤੇ ਹਨ। ਅੱਜ ਅਸਤੀਫ਼ਾ ਦੇਣ ਵਾਲਿਆਂ ਵਿਚ ਇਕ ਸੂਬਾ ਸਕੱਤਰ, ਦੋ ਜ਼ਿਲ੍ਹਾ ਪ੍ਰਧਾਨ ਤੇ ਦੋ ਨਗਰ ਨਿਗਮ ਦੇ ਕਾਰਪੋਰੇਟਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਹ ਆਗੂ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਸਨ ਅਤੇ ਉਹ ਦੂਜੀ ਪਾਰਟੀਆਂ ’ਚ ਜਾਣ ਦੀ ਤਾਕ ’ਚ ਹਨ।