ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 2 ਅਗਸਤ
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸਾਬਕਾ ਆਗੂ ਅਮਨਜੋਤ ਕੌਰ ਰਾਮੂਵਾਲੀਆ ਸਮੇਤ ਪਾਰਟੀ ਦੇ ਹੋਰ ਸਾਬਕਾ ਆਗੂ ਅੱਜ ਦਿੱਲੀ ’ਚ ਇੱਕ ਸਮਾਗਮ ਦੌਰਾਨ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਪੰਜਾਬ ’ਚ ਹੋਣ ਵਾਲੀਆਂ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਸਿੱਖ ਤੇ ਹੋਰ ਵਰਗਾਂ ਦੇ ਚਿਹਰੇ ਪਾਰਟੀ ’ਚ ਸ਼ਾਮਲ ਕਰਕੇ ਆਪਣੀ ਤਿਆਰੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਸਾਬਕਾ ਕੇਂਦਰੀ ਮੰਤਰੀ ਤੇ ਹੁਣ ਉੱਤਰ ਪ੍ਰਦੇਸ਼ ਦੇ ਸਮਾਜਵਾਦੀ ਪਾਰਟੀ ਦੇ ਐੱਮਐੱਲਸੀ ਬਲਵੰਤ ਸਿੰਘ ਰਾਮੂਵਾਲੀਆ ਦੀ ਧੀ ਅਮਨਜੋਤ ਕੌਰ ਭੁੱਲਰ ਅਕਾਲੀ ਦਲ ਦੀ ਮਹਿਲਾ ਵਿੰਗ ਦੀ ਮੈਂਬਰ ਵੀ ਰਹੀ ਹੈ ਤੇ ਉਨ੍ਹਾਂ ਦੇ ਭਾਜਪਾ ਵਿੱਚ ਜਾਣ ਦਾ ਕਦਮ ਹੈਰਾਨ ਕਰਨ ਵਾਲਾ ਮੰਨਿਆ ਜਾ ਰਿਹਾ ਹੈ। ਅਮਨਜੋਤ ਕੌਰ ਤੋਂ ਇਲਾਵਾ ਅਕਾਲੀ ਦਲ ਦੇ ਸਾਬਕਾ ਆਗੂ ਗੁਰਪ੍ਰੀਤ ਸਿੰਘ ਸ਼ਾਹਪੁਰ, ਚੰਦ ਸਿੰਘ ਚੱਠਾ ਤੇ ਬਲਜਿੰਦਰ ਸਿੰਘ ਡਕੋਹਾ ਨੇ ਵੀ ਕੈਬਨਿਟ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਾਜ਼ਰੀ ’ਚ ਭਾਜਪਾ ਦਾ ਪੱਲਾ ਫੜ ਲਿਆ। ਪ੍ਰੀਤਮ ਸਿੰਘ ਤੇ ਸਾਬਕਾ ਟੀਵੀ ਐਂਕਰ ਚੇਤਨ ਮੋਹਨ ਜੋਸ਼ੀ ਵੀ ਭਾਜਪਾ ’ਚ ਅੱਜ ਸ਼ਾਮਲ ਹੋ ਗਏ। ਇਸ ਮੌਕੇ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਅਜਿਹੇ ਆਗੂਆਂ ਦਾ ਭਾਜਪਾ ’ਚ ਸ਼ਾਮਲ ਹੋਣ ਤੋਂ ਸਾਫ਼ ਹੈ ਪੰਜਾਬ ’ਚ ਸਿਆਸੀ ਹਵਾ ਕਿਸ ਵੱਲ ਚੱਲ ਰਹੀ ਹੈ। ਉਨ੍ਹਾਂ ਕਿਸੇ ਧਿਰ ਦਾ ਨਾਂ ਲਏ ਬਿਨਾਂ ਕਿਹਾ ਕਿ ਦੇਸ਼ ’ਚ ਨਕਾਰੀਆਂ ਗਈਆਂ ਪਾਰਟੀਆਂ ਸੱਤਾ ਖ਼ਾਤਰ ਕਿਸਾਨਾਂ ਨੂੰ ਗੁੰਮਰਾਹ ਕਰ ਰਹੀਆਂ ਹਨ ਜਦਕਿ ਮੋਦੀ ਸਰਕਾਰ ਕੌਮੀ ਹਿੱਤਾਂ ਤੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੀ ਹੈ।
‘ਅਮਨਜੋਤ ਨੇ ਪੰਜਾਬ ਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ’
ਐਸ.ਏ.ਐਸ. ਨਗਰ (ਮੁਹਾਲੀ) (ਪੱਤਰ ਪ੍ਰੇਰਕ): ਜ਼ਿਲ੍ਹਾ ਯੋਜਨਾ ਕਮੇਟੀ ਮੁਹਾਲੀ ਦੀ ਸਾਬਕਾ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਦੇ ਅਚਾਨਕ ਭਾਜਪਾ ਵਿੱਚ ਸ਼ਾਮਲ ਹੋਣ ’ਤੇ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਰਾਮੂਵਾਲੀਆ ਅਤੇ ਉਨ੍ਹਾਂ ਦੇ ਸਮਰਥਕ ਕਾਫ਼ੀ ਦੁਖੀ ਨਜ਼ਰ ਆਏ। ਅੱਜ ਸ਼ਾਮ ਇੱਥੋਂ ਦੇ ਫੇਜ਼-9 ਸਥਿਤ ਆਪਣੇ ਨਿਵਾਸ ’ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਰਾਮੂਵਾਲੀਆ ਨੇ ਕਿਹਾ ਕਿ ਉਸ ਦੀ ਧੀ ਨੇ ਪੇਕੇ ਪਰਿਵਾਰ ਸਮੇਤ ਪੰਜਾਬ ਅਤੇ ਕਿਸਾਨਾਂ ਨਾਲ ਗ਼ੱਦਾਰੀ ਕੀਤੀ ਹੈ। ਇਸ ਗਲਤੀ ਲਈ ਉਹ ਉਸ (ਅਮਨਜੋਤ) ਨੂੰ ਕਦੇ ਵੀ ਮੁਆਫ਼ ਨਹੀਂ ਕਰਨਗੇ। ਉਨ੍ਹਾਂ ਨੇ ਆਪਣੀ ਧੀ ਨਾਲ ਸਾਰੇ ਸਬੰਧ ਤੋੜਨ ਦੀ ਗੱਲ ਵੀ ਆਖੀ। ਉਨ੍ਹਾਂ ਨੇ ਅਮਨਜੋਤ ਦੇ ਇਸ ਫ਼ੈਸਲੇ ਨੂੰ ਬੇਸਮਝੀ ਵਾਲਾ ਕਦਮ ਦੱਸਦਿਆਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਜਿਸ ਬਾਪ ਦੀ ਉਂਗਲ ਫੜ ਕੇ ਰਾਜਨੀਤੀ ਦਾ ਪਹਿਲਾ ਪਾਠ ਧੀ ਨੇ ਸਿੱਖਿਆ, ਉਸ ਨੇ ਭਾਜਪਾ ਵਿੱਚ ਸ਼ਾਮਲ ਹੋਣ ਬਾਰੇ ਰਾਇ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ।
ਰਾਮੂਵਾਲੀਆ ਨੇ ਕਿਹਾ ਕਿ ਅਮਨਜੋਤ ਦਾ ਨਾਂ ਸਕੂਲ ਸਮੇਂ ਤੋਂ ਅਮਨਜੋਤ ਕੌਰ ਗਿੱਲ ਰਿਹਾ ਹੈ ਅਤੇ ਰਾਜਨੀਤੀ ਵਿੱਚ ਆਉਣ ਤੋਂ ਬਾਅਦ ਉਸ ਨੇ ਆਪਣੇ ਨਾਮ ਨਾਲ ਰਾਮੂਵਾਲੀਆ ਲਿਖਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਪ੍ਰਸਿੱਧ ਕਵੀਸ਼ਰ ਹੋਣ ਦੇ ਨਾਲ-ਨਾਲ ਦੇਸ਼ਭਗਤ ਸਨ ਅਤੇ ਮਾਰਕਸਵਾਦੀ ਵਿਚਾਰਾਂ ਦੇ ਧਾਰਨੀ ਸਨ। ਦੇਸ਼ ਦੀ ਵੰਡ ਵੇਲੇ ਉਨ੍ਹਾਂ ਦੇ ਪਿਤਾ ਦੀ ਉਮਰ 31 ਸਾਲ ਸੀ, ਉਨ੍ਹਾਂ ਨੇ ਆਪਣੀ ਦੇਖ-ਰੇਖ ਵਿੱਚ ਰਾਮੂਵਾਲਾ ਪਿੰਡ ਦੇ ਮੁਸਲਮਾਨਾਂ ਨੂੰ ਫਾਜ਼ਿਲਕਾ ਵਿੱਚ ਸਹੀ ਸਲਾਮਤ ਪਹੁੰਚਾ ਕੇ ਸਰਹੱਦ ਪਾਰ ਕਰਵਾਈ ਸੀ। ਉਨ੍ਹਾਂ ਕਿਹਾ ਕਿ ਉਹ ਵੀ ਸਾਰੀ ਉਮਰ ਆਰਐੱਸਐੱਸ ਅਤੇ ਜਨਸੰਘ ਦੇ ਸਖ਼ਤ ਵਿਰੋਧੀ ਰਹੇ ਪਰ ਉਨ੍ਹਾਂ ਦੀ ਬੇਟੀ ਅਮਨਜੋਤ ਕੌਰ ਨੇ ਭਾਜਪਾ ਵਿੱਚ ਸ਼ਾਮਲ ਹੋ ਕੇ ਪਰਿਵਾਰ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਅੱਜ ਉਨ੍ਹਾਂ ਦੇ ਪਰਿਵਾਰ ਲਈ ਇਹ ਸਭ ਤੋਂ ਮਾੜਾ ਦਿਨ ਹੈ। ਬਲਵੰਤ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ 12 ਦਿਨ ਮਮਤਾ ਬੈਨਰਜੀ ਦੀ ਮਦਦ ਕੀਤੀ, ਪੱਛਮੀ ਬੰਗਾਲ ਵਿੱਚ ਭਾਜਪਾ ਨੇ ‘ਮਹਾਭਾਰਤ’ ਜਿੰਨਾ ਜ਼ੋਰ ਲਗਾਇਆ ਹੋਇਆ ਸੀ ਪਰ ਇਸਦੇ ਬਾਵਜੂਦ ਭਾਜਪਾ ਉੱਥੇ ਹਾਰ ਗਈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਵੱਲੋਂ ਯੂਪੀ ਚੋਣਾਂ ਜਿੱਤਣ ਲਈ ਪਹਿਲਾਂ ਤੋਂ ਵੀ ਵੱਧ ਜ਼ੋਰ ਲਗਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਦੇ ਪਰਿਵਾਰਾਂ ਵਿੱਚ ਫੁੱਟ ਪਾਈ ਜਾ ਰਹੀ ਹੈ ਤਾਂ ਜੋ ਆਉਣ ਵਾਲੀਆਂ ਚੋਣਾਂ ਵਿੱਚ ਇਸ ਫੁੱਟ ਦਾ ਲਾਹਾ ਲਿਆ ਜਾ ਸਕੇ। ਭਾਜਪਾ ਨੂੰ ਪਰਿਵਾਰ ਤੋੜਨ ਦੀ ਰਾਜਨੀਤੀ ਕਾਫ਼ੀ ਮਹਿੰਗੀ ਪਵੇਗੀ। ਉਨ੍ਹਾਂ ਨੇ ਆਪਣੀ ਧੀ ਨੂੰ ਭਵਿੱਖ ਆਪਣੇ ਨਾਮ ਨਾਲ ਰਾਮੂਵਾਲੀਆ ਸ਼ਬਦ ਲਿਖਣ ਤੋਂ ਵਰਜਦਿਆਂ ਕਿਹਾ ਕਿ ਉਹ ਵਿਆਹ ਤੋਂ ਬਾਅਦ ਉਸ ਦਾ ਹੁਣ ਰਾਮੂਵਾਲੀਆ ਪਿੰਡ ਨਾਲ ਕੋਈ ਸਬੰਧ ਨਹੀਂ ਹੈ। ਲਿਹਾਜ਼ਾ ਹੁਣ ਉਹ ਸਿਆਸੀ ਮੈਦਾਨ ਵਿੱਚ ਅਮਨਜੋਤ ਕੌਰ ਵਜੋਂ ਵਿਚਰੇ ਕਿਉਂਕਿ ਹੁਣ ਰਾਮੂਵਾਲੀਆ ਪਰਿਵਾਰ ਨੇ ਵੀ ਅਮਨਜੋਤ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਉਂਜ ਉਨ੍ਹਾਂ ਨੇ ਆਪਣੀ ਧੀ ਨੂੰ ਕਿਸਾਨਾਂ ਤੋਂ ਜਨਤਕ ਮੁਆਫ਼ੀ ਮੰਗਣ ਦੀ ਵੀ ਸਲਾਹ ਦਿੱਤੀ।