ਨਵੀਂ ਦਿੱਲੀ, 3 ਅਗਸਤ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਭਾਜਪਾ ਆਗੂ ਸੁਬਰਾਮਣੀਅਮ ਸਵਾਮੀ ਦੀ ਉਸ ਪਟੀਸ਼ਨ ਨੂੰ ਸੂਚੀਬੱਧ ਕਰੇਗੀ, ਜਿਸ ਵਿੱਚ ਰਾਮਸੇਤੂ ਨੂੰ ਕੌਮੀ ਵਿਰਾਸਤੀ ਸਮਾਰਕ ਐਲਾਨਣ ਸਬੰਧੀ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਹੈ। ਇਸ ਤੋਂ ਪਹਿਲਾਂ 26 ਜੁਲਾਈ ਨੂੰ ਇਸ ਪਟੀਸ਼ਨ ਨੂੰ ਸੂਚੀਬੱਧ ਕਰਨ ’ਤੇ ਸਹਿਮਤੀ ਦੇਣ ਵਾਲੇ ਚੀਫ ਜਸਟਿਸ ਐੱਨ ਵੀ ਰਾਮੰਨਾ, ਜਸਟਿਸ ਕ੍ਰਿਸ਼ਨ ਮੁਰਾਰੀ ਅਤੇ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਉਹ ਅਜਿਹਾ ਇਸ ਲਈ ਨਹੀਂ ਕਰ ਸਕੀ ਕਿਉਂਕਿ ਸਬੰਧਿਤ ਬੈਂਚ ਦੇ ਇੱਕ ਜੱਜ ਨੂੰ ਸਿਹਤ ਸਬੰਧੀ ਸਮੱਸਿਆਵਾਂ ਸਨ।
ਚੀਫ ਜਸਟਿਸ ਨੇ ਸਵਾਮੀ ਨੂੰ ਕਿਹਾ ਕਿ ‘ਅਸੀਂ ਇਸ ਨੂੰ ਸੂਚੀਬੱਧ ਕਰਾਂਗੇ।’’ ਸਵਾਮੀ ਨੇ 13 ਜੁਲਾਈ ਨੂੰ ਅਤੇ ਕੁੱਝ ਸਮਾਂ ਪਹਿਲਾਂ ਵੀ ਇਸ ਪਟੀਸ਼ਨ ਨੂੰ ਫੌਰੀ ਸੂਚੀਬੱਧ ਕਰਨ ਦੀ ਬੇਨਤੀ ਕੀਤੀ ਸੀ। ਰਾਮ ਸੇਤੂ ਤਾਮਿਲਨਾਡੂ ਦੇ ਦੱਖਣ-ਪੂਰਬ ਤੱਟ ’ਤੇ ਸਥਿਤ ਪੰਬਨ ਟਾਪੂ ਅਤੇ ਸ੍ਰੀਲੰਕਾ ਦੇ ਉਤਰ-ਪੱਛਮ ਤੱਟ ’ਤੇ ਸਥਿਤ ਮੱਨਾਰ ਟਾਪੂ ਦਰਮਿਆਨ ਚੂਨੇ ਪੱਥਰ ਦਾ ਬਣਿਆ ਪੁਲ ਹੈ। -ਪੀਟੀਆਈ