ਨਵੀਂ ਦਿੱਲੀ, 26 ਅਪਰੈਲ
ਸੁਪਰੀਮ ਕੋਰਟ ਨੇ ਰਾਮ ਨੌਮੀ ਮੌਕੇ ਦਿੱਲੀ ਦੇ ਜਹਾਂਗੀਰਪੁਰੀ ਤੇ ਸੱਤ ਹੋਰ ਰਾਜਾਂ ’ਚ ਹੋਈ ਫਿਰਕੂ ਹਿੰਸਾ ਦੀ ਜਾਂਚ ਲਈ ਜੁਡੀਸ਼ਲ ਕਮਿਸ਼ਨ ਦੇ ਗਠਨ ਦੀ ਅਪੀਲ ਕਰਨ ਵਾਲੀ ਇਕ ਲੋਕ ਹਿੱਤ ਪਟੀਸ਼ਨ ਅੱਜ ਖਾਰਜ ਕਰ ਦਿੱਤੀ ਹੈ। ਜਸਟਿਸ ਐਲ ਨਾਗੇਸ਼ਵਰ ਰਾਓ ਤੇ ਜਸਟਿਸ ਬੀ.ਆਰ. ਗਵਈ ਨੇ ਐਡਵੋਕੇਟ ਵਿਸ਼ਾਲ ਤਿਵਾੜੀ ਵੱਲੋਂ ਦਾਇਰ ਪਟੀਸ਼ਨ ਖਾਰਜ ਕਰ ਦਿੱਤੀ। ਬੈਂਚ ਨੇ ਕਿਹਾ, ‘ਤੁਸੀਂ ਚਾਹੁੰਦੇ ਹੋ ਕਿ ਜਾਂਚ ਦੀ ਅਗਵਾਈ ਸਾਬਕਾ ਚੀਫ ਜਸਟਿਸ ਕਰਨ? ਕੀ ਕੋਈ ਵਿਹਲਾ ਹੈ? ਪਤਾ ਕਰੋ….ਇਹ ਕਿਸ ਤਰ੍ਹਾਂ ਦੀ ਰਾਹਤ ਹੈ। ਅਜਿਹੀ ਰਾਹਤ ਨਾ ਮੰਗੋ ਜੋ ਇਹ ਅਦਾਲਤ ਨਾ ਦੇ ਸਕੇ। ਅਪੀਲ ਖਾਰਜ।’ ਵਕੀਲ ਨੇ ਆਪਣੀ ਪਟੀਸ਼ਨ ’ਚ ਰਾਜਸਥਾਨ, ਦਿੱਲੀ, ਮੱਧ ਪ੍ਰਦੇਸ਼ ਤੇ ਗੁਜਰਾਤ ’ਚ ਰਾਮਨੌਮੀ ਮੌਕੇ ਹੋਈ ਹਿੰਸਾ ਦੇ ਮਾਮਲਿਆਂ ਦੀ ਜਾਂਚ ਦੇ ਨਿਰਦੇਸ਼ ਦੇਣ ਦੀ ਅਪੀਲ ਕੀਤੀ ਸੀ। -ਪੀਟੀਆਈ