ਨਵੀਂ ਦਿੱਲੀ, 4 ਸਤੰਬਰ
ਭਾਜਪਾ ਨੇ ਕਾਂਗਰਸ ਦੀ ਮਹਿੰਗਾਈ ਖਿਲਾਫ਼ ਹੱਲਾ ਬੋਲ ਰੈਲੀ ਦਾ ਮੌਜੂ ਉਡਾਉਂਦਿਆਂ ਅੱਜ ਕਿਹਾ ਕਿ ਰੈਲੀ ਅਸਲ ਵਿੱਚ ‘ਰਾਹੁਲ ਗਾਂਧੀ ਨੂੰ ਮੁੜ ਲਾਂਚ 4.0’ ਕਰਨ ਲਈ ਸੀ, ਕਿਉਂਕਿ ਵਿਰੋਧੀ ਪਾਰਟੀ ਦਾ ਕੋਈ ਵੀ ਆਗੂ ਇਸ ਦੀ ਅਗਵਾਈ ਕਰਨ ਲਈ ਤਿਆਰ ਨਹੀਂ। ਇਥੇ ਭਾਜਪਾ ਹੈੱਡਕੁਆਰਟਰ ’ਤੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਰਾਜਵਰਧਨ ਸਿੰਘ ਰਾਠੌਰ ਨੇ ਕਿਹਾ ਕਿ ਕਾਂਗਰਸ ਰੈਲੀ ਦਾ ਅਸਲ ਮੰਤਵ ਗਾਂਧੀ ਪਰਿਵਾਰ ਨੂੰ ਬਚਾਉਣ ਤੇ ਗਾਂਧੀ ਪਰਿਵਾਰ ਦੇ ਫਰਜ਼ੰਦ ਰਾਹੁਲ ਗਾਂਧੀ ਨੂੰ ਨਵੇਂ ਸਿਰੇ ਤੋਂ ਲਾਂਚ ਕਰਨਾ ਸੀ।’ ਰਾਠੌਰ ਨੇ ਕਿਹਾ, ‘‘ਇਹ ਰੈਲੀ ਮਹਿੰਗਾਈ ਖਿਲਾਫ਼ ਪ੍ਰਦਰਸ਼ਨ ਕਰਨ ਲਈ ਨਹੀਂ, ਬਲਕਿ ਗਾਂਧੀ ਪਰਿਵਾਰ ਨੂੰ ਬਚਾਉਣ ਲਈ ਵਿਉਂਤੀ ਗਈ ਸੀ। ਰੈਲੀ ਰਾਹੁਲ ਗਾਂਧੀ ਨੂੰ ਮੁੜ ਲਾਂਚ ਕਰਨ ਲਈ ਸੀ, ਜਿਨ੍ਹਾਂ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਸਿਆਸਤ ਵਿੱਚ ਲਾਂਚ ਕੀਤਾ ਜਾ ਚੁੱਕਾ ਹੈ। ਇਹ ਰੈਲੀ ‘ਰਾਹੁਲ ਗਾਂਧੀ ਦਾ ਰੀਲਾਂਚ 4.0’ ਹੈ, ਕਿਉਂਕਿ ਕੋਈ ਵੀ ਕਾਂਗਰਸ ਦੀ ਅਗਵਾਈ ਨਹੀਂ ਕਰਨਾ ਚਾਹੁੰਦਾ।’’ ਉਨ੍ਹਾਂ ਕਿਹਾ ਕਿ ਸਾਲ 2014 ਤੋਂ ਹੁਣ ਤੱਕ ਕਾਂਗਰਸ ਪਾਰਟੀ ‘90 ਫੀਸਦ ਚੋਣਾਂ ਹਾਰ ਚੁੱਕੀ ਹੈ।’ ਤਰਜਮਾਨ ਨੇ ਕਿਹਾ, ‘‘ਯੂਪੀ ਚੋਣਾਂ ਵਿੱਚ ਤਾਂ ਕਾਂਗਰਸ ਦੀ ਜ਼ਮਾਨਤੀ ਰਾਸ਼ੀ ਵੀ ਜ਼ਬਤ ਹੋ ਗਈ ਸੀ।’’ ਰਾਠੌਰ ਨੇ ਕਿਹਾ ਕਿ ਕਾਂਗਰਸ ਜ਼ਮੀਨੀ ਹਕੀਕਤਾਂ ਤੋਂ ਅਨਜਾਣ ਹੈ ਤੇ ‘ਇਸ ਦੀ ਨਾ ਕੋਈ ਦੂਰਦ੍ਰਿਸ਼ਟੀ ਤੇ ਨਾ ਹੀ ਇਸ ਕੋਲ ਕੋਈ ਨੀਤੀ ਤੇ ਲੀਡਰਸ਼ਿਪ ਹੈ।’ -ਪੀਟੀਆਈ