ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਜਵੀਜ਼ਤ ਫ਼ਿਰੋਜ਼ਪੁਰ ਫੇਰੀ ਰੱਦ ਹੋਣ ਨੂੰ ਲੈ ਕੇ ਛਿੜੀ ਵੱਡੀ ਸਿਆਸੀ ਜੰਗ ਦਰਮਿਆਨ ਕਾਂਗਰਸ ਨੇ ਅੱਜ ਕਿਹਾ ਕਿ ਭਾਜਪਾ ਵੱਲੋਂ ਵਿਉਂਤੀ ਇਸ ਰੈਲੀ ਵਿੱਚ ‘ਮੋਦੀ ਜੀ’ ਨੂੰ ਸੁਣਨ ਲਈ ਕੋਈ ਭੀੜ ਨਹੀਂ ਸੀ। ਕਾਂਗਰਸ ਦੇ ਜਨਰਲ ਸਕੱਤਰ ਤੇ ਪਾਰਟੀ ਦੇ ਮੁੱਖ ਤਰਜਮਾਨ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਭਾਜਪਾ ਪ੍ਰਧਾਨ ਜੇ.ਪੀ.ਨੱਢਾ ਦੂਜੇ ਸਿਰ ਦੋਸ਼ ਮੜ੍ਹਨਾ ਬੰਦ ਕਰਨ ਤੇ ਇਸ ਦੀ ਥਾਂ ਭਗਵਾ ਪਾਰਟੀ ਆਪਣੇ ‘ਕਿਸਾਨ ਵਿਰੋਧੀ’ ਰਵੱਈਏ ਨੂੰ ਲੈ ਕੇ ਅੰਤਰਝਾਤ ਮਾਰੇ। ਸ੍ਰੀ ਨੱਢਾ ਨੇ ਦੋਸ਼ ਲਾਇਆ ਸੀ ਕਿ ਪੰਜਾਬ ਦੀ ਕਾਂਗਰਸ ਸਰਕਾਰ ਅਗਾਮੀ ਚੋਣਾਂ ਵਿੱਚ ਆਪਣੀ ਹਾਰ ਦੇ ਡਰੋਂ ਸੂਬੇ ਵਿੱਚ ਮੋਦੀ ਦੇ ਪ੍ਰੋਗਰਾਮਾਂ ਨੂੰ ਨਾਕਾਮ ਬਣਾਉਣ ਲਈ ਹਰ ਸੰਭਵ ਹਰਬਾ ਵਰਤ ਰਹੀ ਹੈ। ਸੁਰਜੇਵਾਲਾ ਨੇ ਪੰਜਾਬ ਦੀ ਕਾਂਗਰਸ ਸਰਕਾਰ ਦਾ ਬਚਾਅ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਲੈ ਕੇ ਸਾਰੇ ਸੁਰੱਖਿਆ ਪ੍ਰਬੰਧ ਐੈੱਸਪੀਜੀ ਤੇ ਹੋਰਨਾਂ ਏਜੰਸੀਆਂ ਦੇ ਤਾਲਮੇਲ ਨਾਲ ਕੀਤੇ ਗਏ ਸਨ। ਸੁਰਜੇਵਾਲਾ ਨੇ ਟਵੀਟ ਕੀਤਾ, ‘‘ਨੱਢਾ ਜੀ ਆਪਾ ਨਾ ਗੁਆਓ ਤੇ ਮਰਿਆਦਾ ਵਿੱਚ ਰਹੋ। ਯਾਦ ਰਹੇ ਕਿ ਪ੍ਰਧਾਨ ਮੰਤਰੀ ਦੀ ਰੈਲੀ ਲਈ 10,000 ਸੁਰੱਖਿਆ ਕਰਮੀ ਤਾਇਨਾਤ ਕੀਤੇ ਗਏ ਸਨ। ਸਾਰੇ ਪ੍ਰਬੰਧ ਐੱਸਪੀਜੀ ਤੇ ਹੋਰਨਾਂ ਏਜੰਸੀਆਂ ਨਾਲ ਮਿਲ ਕੇ ਕੀਤੇ ਗਏ ਸਨ।’’ ਸੀਨੀਅਰ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਹਰਿਆਣਾ ਤੇ ਰਾਜਸਥਾਨ ਤੋਂ ਭਾਜਪਾ ਵਰਕਰਾਂ ਦੀਆਂ ਬੱਸਾਂ ਲਈ ਵਿਸ਼ੇਸ਼ ਤੌਰ ’ਤੇ ਰੂਟ ਤਿਆਰ ਕੀਤੇ ਗਏ ਸਨ ਤੇ ਪ੍ਰਧਾਨ ਮੰਤਰੀ ਨੇ ਹੁਸੈਨੀਵਾਲਾ ਜਾਣ ਲਈ ਸੜਕੀ ਰਸਤੇ ਨੂੰ ਚੁਣਿਆ। ਸੁਰਜੇਵਾਲਾ ਨੇ ਕਿਹਾ, ‘‘ਸੜਕੀ ਰਸਤੇ ਸਫ਼ਰ ਕਰਨਾ ਪ੍ਰਧਾਨ ਮੰਤਰੀ ਦੇ ਅਸਲ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਸੀ। ਅਖੀਰ ਨੂੰ ਰੈਲੀ ਰੱਦ ਕਰਨ ਦਾ ਮੁੱਖ ਕਾਰਨ ਇਹ ਸੀ ਕਿ ਮੋਦੀ ਜੀ ਨੂੰ ਸੁਣਨ ਲਈ ਕੋਈ ਭੀੜ ਨਹੀਂ ਸੀ। ਦੋਸ਼ ਮੜ੍ਹਨੇ ਬੰਦ ਕਰੋ ਤੇ ਭਾਜਪਾ ਦੇ ਕਿਸਾਨ ਵਿਰੋਧੀ ਰਵੱਈਏ ਨੂੰ ਲੈ ਕੇ ਅੰਤਰਝਾਤ ਮਾਰੀ ਜਾਵੇ। ਰੈਲੀਆਂ ਕਰੋ, ਪਰ ਪਹਿਲਾਂ ਕਿਸਾਨਾਂ ਦੀ ਸੁਣੋ!’’ ਸੁਰਜੇਵਾਲਾ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐੱਮਐੱਸਸੀ) ਵੱਲੋਂ ਪ੍ਰਧਾਨ ਮੰਤਰੀ ਦੀ ਫੇਰੀ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਮਸਲੇ ਦੇ ਹੱਲ ਲਈ ਕਿਸਾਨਾਂ ਨਾਲ ਦੋ ਗੇੜਾਂ ਦੀ ਗੱਲਬਾਤ ਵੀ ਕੀਤੀ ਸੀ। -ਪੀਟੀਆਈ