ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 22 ਜੂਨ
ਪਿਛਲੇ ਸੱਤ ਮਹੀਨਿਆਂ ਤੋਂ ਤਿੰਨ ਖੇਤ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਹੱਦਾਂ ’ਤੇ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲਿਆਂ ਵਿੱਚ ਸ਼ਾਮਲ ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਤੇਜ਼ ਕਰਨ ਲਈ ‘ਟ੍ਰਿਪਲ ਟੀ’ ਦਾ ਫਾਰਮੂਲਾ ਦਿੱਤਾ ਹੈ। ਟਿਕੈਤ ਨੇ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਤਿੰਨ ਚੀਜ਼ਾਂ ਜ਼ਰੂਰੀ ਹਨ ‘ਸਰਹੱਦਾਂ ਤੇ ਟੈਂਕ, ਖੇਤਾਂ ਵਿੱਚ ਟਰੈਕਟਰ ਤੇ ਨੌਜਵਾਨਾਂ ਦੇ ਹੱਥਾਂ ਵਿੱਚ ਟਵਿੱਟਰ’।
ਰਾਕੇਸ਼ ਟਿਕੈਤ ਨੇ ਕਿਹਾ ਕਿ ਜਿਹੜਾ ਕਿਸਾਨ ਖੇਤ ਵਿਚ ਕੰਮ ਕਰਦਾ ਹੈ ਤੇ ਟਰੈਕਟਰ ਚਲਾਉਂਦਾ ਹੈ, ਉਹੀ ਕਿਸਾਨ ਟੈਂਕ ਚਲਾਉਣ ਲਈ ਸਰਹੱਦਾਂ ’ਤੇ ਵੀ ਜਾਂਦਾ ਹੈ। ਉਨ੍ਹਾਂ ਕੋਲ ਬਹੁਤ ਸਾਰੇ ਸਿਪਾਹੀ ਹਨ ਜਿਹੜੇ ਖੇਤਾਂ ’ਚ ਟਰੈਕਟਰ ਚਲਾਉਂਦੇ ਹਨ ਤੇ ਸਰਹੱਦਾਂ ’ਤੇ ਟੈਂਕ ਚਲਾਉਂਦੇ ਹਨ। ਕਿਸਾਨ ਦੇ ਫੋਨ ਵਿਚ ਟਵਿੱਟਰ ਵੀ ਹੈ। ਇਹ ‘ਟ੍ਰਿਪਲ ਟੀ’ ਫਾਰਮੂਲਾ ਹੈ। ਇਸ ਨਾਲ ਨਾ ਸਿਰਫ ਕਿਸਾਨ ਅੰਦੋਲਨ ਬਲਕਿ ਦੇਸ਼ ਨੂੰ ਵੀ ਲਾਭ ਹੋਵੇਗਾ।
ਜੇ ਕਿਸਾਨ ਟਰੈਕਟਰ ਨਹੀਂ ਚਲਾਉਂਦਾ ਤਾਂ ਖੇਤੀ ਦਾ ਕੀ ਬਣੇਗਾ? ਤੇ ਜੇ ਉਹ ਸਰਹੱਦਾਂ ’ਤੇ ਟੈਂਕ ਚਲਾਉਣਾ ਭੁੱਲ ਜਾਵੇ ਤਾਂ ਦੇਸ਼ ਵਿਚ ਕਿਵੇਂ ਸ਼ਾਂਤੀ ਤੇ ਸੁਰੱਖਿਆ ਹੋਵੇਗੀ? ਜਿਸ ਤਰੀਕੇ ਨਾਲ ਕਿਸਾਨ ਦਾਣਾ ਤਿਆਰ ਕਰਦਾ ਹੈ ਤੇ ਸਰਹੱਦਾਂ ’ਤੇ ਟੈਂਕ ਚਲਾਉਂਦਾ ਹੈ, ਉਸ ਦ੍ਰਿਸ਼ਟੀਕੋਣ ਨੂੰ ਜ਼ਾਹਰ ਕਰਨ ਲਈ ਉਸ ਨੂੰ ਟਵਿੱਟਰ ਦੀ ਵਰਤੋਂ ਕਰਨੀ ਸਿੱਖਣੀ ਪਵੇਗੀ। ਉਨ੍ਹਾਂ ਕਿਹਾ ਕਿ ਸਾਰੇ ਸੈਨਿਕ ਦੇਸ਼ ਦੇ ਪੁੱਤ ਹਨ। ਇਹ ਫਾਰਮੂਲਾ ਭਵਿੱਖ ’ਚ ਮਦਦਗਾਰ ਹੋਵੇਗਾ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਬਾਰਡਰ ’ਤੇ ਨੌਜਵਾਨਾਂ ਨੇ ਕਿਸਾਨਾਂ ਨੂੰ ਟਵਿੱਟਰ ਤੇ ਹੋਰ ਸੋਸ਼ਲ ਮੀਡੀਆ ਮੰਚਾਂ ਦੀ ਆਪਣੇ ਹਿੱਤ ਵਿੱਚ ਵਰਤੋਂ ਕਰਨ ਲਈ ਸਿਖਲਾਈ ਦੇਣ ਦਾ ਪ੍ਰਬੰਧ ਵੀ ਕਈ ਮਹੀਨੇ ਕਰੀ ਰੱਖਿਆ ਸੀ।
ਟਿਕੈਤ ਨੇ ਕਿਹਾ ਕਿ ਸਰਕਾਰ ਨੇ ਕਾਰਪੋਰੇਟਾਂ ਨੂੰ ਤਿੰਨ ਖੇਤੀ ਕਾਨੂੰਨਾਂ ਲਾਗੂ ਕਰਕੇ ਕਿਸਾਨਾਂ ਨੂੰ ਲੁੱਟਣ ਲਈ ਇਕ ਸਾਧਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਲਈ ਬਣੇ ਕਾਨੂੰਨ ਨਹੀਂ ਹਨ ਬਲਕਿ ਕਾਰਪੋਰੇਟਾਂ ਲਈ ਹਨ ਤੇ ਇਸੇ ਕਰਕੇ ਸਰਕਾਰ ਕਿਸਾਨਾਂ ਦੇ ਹਿੱਤਾਂ ਨੂੰ ਨਜ਼ਰ ਅੰਦਾਜ਼ ਕਰ ਰਹੀ ਹੈ।