ਪੱਤਰ ਪ੍ਰੇਰਕ
ਨਵੀਂ ਦਿੱਲੀ, 21 ਮਈ
ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੂੰ ਮੋਬਾਈਲ ਫੋਨ ਰਾਹੀਂ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ ਵੀ ਬੀਕੇਯੂ ਨੇਤਾ ਰਾਕੇਸ਼ ਟਿਕੈਤ ਨੂੰ ਕਈ ਵਾਰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਇਸ ਸਬੰਧੀ ਗਾਜ਼ੀਆਬਾਦ ਪੁਲੀਸ ਕੋਲ ਕੇਸ ਦਰਜ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਨੂੰ ਮੋਬਾਈਲ ਫੋਨ ’ਤੇ ਧਮਕੀਆਂ ਮਿਲੀਆਂ ਹਨ। ਚਾਰ ਮੋਬਾਈਲ ਨੰਬਰਾਂ ਅਤੇ ਵਟਸਐਪ ’ਤੇ ਅਸ਼ਲੀਲ ਮੈਸੇਜ ਭੇਜੇ ਜਾ ਰਹੇ ਹਨ। ਇਸ ਨਾਲ ਟਿਕੈਤ ਤੋਂ 11 ਹਜ਼ਾਰ ਰੁਪਏ ਵੀ ਮੰਗੇ ਜਾ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਦੇ ਸੰਗਠਨ ਜ਼ਿਲ੍ਹਾ ਇੰਚਾਰਜ ਜੈ ਕੁਮਾਰ ਵੱਲੋਂ ਰਾਕੇਸ਼ ਟਿਕੈਤ ਨੂੰ ਦਿੱਤੀ ਜਾ ਰਹੀ ਧਮਕੀ ਬਾਰੇ ਗਾਜ਼ੀਆਬਾਦ ਦੇ ਕੌਸ਼ਾਂਬੀ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਗਾਜ਼ੀਆਬਾਦ ਦੇ ਐੱਸ.ਪੀ. (ਸਿਟੀ) ਗਿਆਨੇਂਦਰ ਸਿੰਘ ਨੇ ਦੱਸਿਆ ਕਿ ਇੱਕ ਰਿਪੋਰਟ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ’ਤੇ ਨਿਗਰਾਨ ਟੀਮ ਵੀ ਆਪਣਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਦੋ ਵਾਰ ਫੋਨ ’ਤੇ ਧਮਕੀਆਂ ਮਿਲੀਆਂ ਹਨ। ਪਹਿਲੀ ਵਾਰ ਧਮਕੀ ਦੇਣ ਵਾਲੇ ਨੂੰ ਬਿਹਾਰ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਜਦੋਂ ਕਿ ਦੂਜੀ ਵਾਰ ਧਮਕੀ ਦੇਣ ਵਾਲਾ ਅਜੇ ਵੀ ਪੁਲੀਸ ਦੀ ਪਕੜ ਤੋਂ ਦੂਰ ਹੈ। ਇਹ ਤੀਸਰਾ ਮਾਮਲਾ ਹੈ ਜਦੋਂ ਰਾਕੇਸ਼ ਟਿਕੈਤ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।