ਨਵੀਂ ਦਿੱਲੀ, 6 ਅਗਸਤ
ਇੱਥੋਂ ਦੀ ਇੱਕ ਐੱਨਜੀਓ ਵੱਲੋਂ ਗੁਜਰਾਤ ਕੇਡਰ ਦੇ ਆਈਪੀਐੱਸ ਅਧਿਕਾਰੀ ਰਾਕੇਸ਼ ਅਸਥਾਨਾ ਨੂੰ ਦਿੱਲੀ ਪੁਲੀਸ ਕਮਿਸ਼ਨਰ ਨਿਯੁਕਤ ਕਰਨ ਤੇ ਉਨ੍ਹਾਂ ਦਾ ਕਾਰਜਕਾਲ ਇੱਕ ਸਾਲ ਵਧਾਉਣ ਖ਼ਿਲਾਫ਼ ਅੱਜ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ। 1984 ਬੈਚ ਦੇ ਆਈਪੀਐੱਸ ਅਧਿਕਾਰੀ ਅਸਥਾਨਾ ਦੀ ਇਹ ਨਿਯੁਕਤੀ ਪਿਛਲੀ ਸੇਵਾਮੁਕਤੀ ਤੋਂ ਚਾਰ ਦਿਨ ਪਹਿਲਾਂ 27 ਜੁਲਾਈ ਨੂੰ ਕੀਤੀ ਗਈ ਸੀ। ਅਸਥਾਨਾ ਦੀ ਨਿਯੁਕਤੀ ਗੁਜਰਾਤ ਕੇਡਰ ਤੋਂ ਕੇਂਦਰੀ ਸ਼ਾਸਿਤ ਪ੍ਰਦੇਸ਼ (ਏਜੀਐੱਮਯੂਟੀ) ਕੇਡਰ ਵਿੱਚ ਕੀਤੀ ਗਈ ਹੈ। ਐੱਨਜੀਓ ‘ਸੈਂਟਰ ਫਾਰ ਪਬਲਿਕ ਇੰਟਰਸਟ ਲਿਟੀਗੇਸ਼ਨ’ ਨੇ ਸਿਖਰਲੀ ਅਦਾਲਤ ਨੂੰ ਬੇਨਤੀ ਕੀਤੀ ਹੈ ਕਿ ਕੇਂਦਰ ਸਰਕਾਰ ਨੂੰ ਅਸਥਾਨਾ ਦੀ ਅੰਤਰ-ਕੇਡਰ ਡੈਪੂਟੇਸ਼ਨ ਨਿਯੁਕਤੀ ਸਬੰਧੀ 27 ਜੁਲਾਈ ਨੂੰ ਜਾਰੀ ਆਦੇਸ਼ ਸੁਪਰੀਮ ਕੋਰਟ ’ਚ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਜਾਣ। -ਪੀਟੀਆਈ