ਨਵੀਂ ਦਿੱਲੀ, 9 ਜੂਨ
ਮੁੱਖ ਅੰਸ਼
- ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਤੇ ਕਰਨਾਟਕ ’ਚ ਮੁਕਾਬਲੇ ਰੌਚਿਕ ਬਣੇ
ਰਾਜ ਸਭਾ ਸੀਟਾਂ ਲਈ ਭਲਕੇ ਵੋਟਾਂ ਪੈਣਗੀਆਂ। ਚੋਣਾਂ ਵਾਲੇ ਚਾਰ ਸੂਬਿਆਂ ’ਚ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਲੱਗ ਰਹੇ ਦੋਸ਼ਾਂ ਦਰਮਿਆਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਉਥੇ ਚੋਣ ਅਮਲ ’ਤੇ ਨਿਗਰਾਨੀ ਰੱਖਣ ਲਈ ਵਿਸ਼ੇਸ਼ ਅਬਜ਼ਰਵਰ ਤਾਇਨਾਤ ਕੀਤੇ ਗਏ ਹਨ ਅਤੇ ਵੋਟਿੰਗ ਪ੍ਰਕਿਰਿਆ ਦੀ ਵੀਡੀਓਗ੍ਰਾਫ਼ੀ ਹੋਵੇਗੀ। ਹਰਿਆਣਾ, ਰਾਜਸਥਾਨ, ਮਹਾਰਾਸ਼ਟਰ ਅਤੇ ਕਰਨਾਟਕ ’ਚ ਸ਼ੁੱਕਰਵਾਰ ਨੂੰ 16 ਸੀਟਾਂ ਲਈ ਵੋਟਾਂ ਪੈਣਗੀਆਂ। ਇਨ੍ਹਾਂ ਸੂਬਿਆਂ ’ਚ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਵਿਧਾਇਕਾਂ ਨੂੰ ਹੋਟਲਾਂ ਅਤੇ ਰਿਜ਼ੌਰਟਾਂ ’ਚ ਰੱਖਿਆ ਹੋਇਆ ਹੈ ਤਾਂ ਜੋ ਉਹ ਪਾਲਾ ਨਾ ਬਦਲ ਸਕਣ। ਇਸ ਤੋਂ ਪਹਿਲਾਂ ਉੱਤਰ ਪ੍ਰਦੇਸ਼, ਤਾਮਿਲ ਨਾਡੂ, ਬਿਹਾਰ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਉੜੀਸਾ, ਛੱਤੀਸਗੜ੍ਹ, ਪੰਜਾਬ, ਤਿਲੰਗਾਨਾ, ਛੱਤੀਸਗੜ੍ਹ ਅਤੇ ਉੱਤਰਾਖੰਡ ’ਚ 41 ਉਮੀਦਵਾਰ ਬਿਨਾਂ ਮੁਕਾਬਲਾ ਚੋਣ ਜਿੱਤ ਗਏ ਸਨ। ਰਾਜਸਥਾਨ ਦੀਆਂ ਚਾਰ ਸੀਟਾਂ ’ਚੋਂ ਹੁਕਮਰਾਨ ਕਾਂਗਰਸ ਦੋ ਅਤੇ ਵਿਰੋਧੀ ਧਿਰ ਭਾਜਪਾ ਇਕ ਸੀਟ ’ਤੇ ਜਿੱਤ ਦੀ ਸਥਿਤੀ ’ਚਹੈ। ਚੌਥੀ ਸੀਟ ਨੂੰ ਲੈ ਕੇ ਰੇੜਕਾ ਜਾਰੀ ਹੈ ਕਿਉਂਕਿ ਮੀਡੀਆ ਕਾਰੋਬਾਰੀ ਸੁਭਾਸ਼ ਚੰਦਰਾ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖ਼ਲ ਕੀਤੇ ਹਨ। ਸੁਭਾਸ਼ ਚੰਦਰਾ ਨੂੰ ਭਾਜਪਾ ਅਤੇ ਰਾਸ਼ਟਰੀਯ ਲੋਕਤਾਂਤਰਿਕ ਪਾਰਟੀ ਦੀ ਹਮਾਇਤ ਪ੍ਰਾਪਤ ਹੈ ਤੇ ਦੋਵੇਂ ਪਾਰਟੀਆਂ ਕੋਲ 33 ਵਿਧਾਇਕ ਹੈ ਜਦਕਿ ਜਿੱਤ ਲਈ ਅੱਠ ਹੋਰ ਵਿਧਾਇਕਾਂ ਦੀ ਲੋੜ ਹੈ। ਉਧਰ ਕਾਂਗਰਸ 126 ਵਿਧਾਇਕਾਂ ਦੀ ਹਮਾਇਤ ਹੋਣ ਦਾ ਦਾਅਵਾ ਕਰ ਰਹੀ ਹੈ ਅਤੇ ਉਸ ਨੂੰ ਤਿੰਨ ਸੀਟਾਂ ਜਿੱਤਣ ਦਾ ਭਰੋਸਾ ਹੈ ਪਰ ਉਸ ਨੂੰ ਆਜ਼ਾਦ ਵਿਧਾਇਕਾਂ ਅਤੇ ਹੋਰ ਪਾਰਟੀਆਂ ਦੇ ਵਿਧਾਇਕਾਂ ਦੀ ਹਮਾਇਤ ਦੀ ਲੋੜ ਹੈ। ਕਾਂਗਰਸ ਕੋਲ ਇਸ ਸਮੇਂ 200 ਮੈਂਬਰੀ ਵਿਧਾਨ ਸਭਾ ’ਚ 108 ਵਿਧਾਇਕ ਹਨ। ਭਾਰਤੀਯ ਟ੍ਰਾਈਬਲ ਪਾਰਟੀ ਦੇ ਦੋ ਵਿਧਾਇਕਾਂ ਨੇ ਹੁਕਮਰਾਨ ਧਿਰ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ। ਕਾਂਗਰਸ ਵੱਲੋਂ 13 ਆਜ਼ਾਦ ਅਤੇ ਰਾਸ਼ਟਰੀਯ ਲੋਕ ਦਲ ਦੇ ਇਕ ਵਿਧਾਇਕ ਦੀ ਹਮਾਇਤ ਹੋਣ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ। ਆਪਣੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦੇ ਖ਼ਦਸ਼ੇ ਮਗਰੋਂ ਕਾਂਗਰਸ ਨੇ 2 ਜੂਨ ਨੂੰ ਆਪਣੇ ਸਾਰੇ ਵਿਧਾਇਕ ਉਦੈਪੁਰ ਰਿਜ਼ੌਰਟ ’ਚ ਭੇਜ ਦਿੱਤੇ ਸਨ। ਭਾਜਪਾ ਨੇ ਵੀ ਆਪਣੇ ਵਿਧਾਇਕਾਂ ਨੂੰ ਸਿਖਲਾਈ ਕੈਂਪ ਦੇ ਨਾਮ ’ਤੇ ਜੈਪੁਰ ਦੇ ਹੋਟਲ ’ਚ ਭੇਜ ਦਿੱਤਾ ਸੀ। ਭਾਜਪਾ ਨੇ ਚੋਣ ਕਮਿਸ਼ਨ ਅਤੇ ਈਡੀ ਕੋਲ ਸ਼ਿਕਾਇਤ ਦਿੰਦਿਆਂ ਕਾਂਗਰਸ ’ਤੇ ਵਿਧਾਇਕਾਂ ਦੀ ਖ਼ਰੀਦੋ-ਫਰੋਖ਼ਤ ਦਾ ਦੋਸ਼ ਲਾਇਆ ਹੈ।
ਇਸ ਦੌਰਾਨ ਮਹਾਰਾਸ਼ਟਰ ’ਚ ਰਾਜ ਸਭਾ ਦੀਆਂ ਛੇ ਸੀਟਾਂ ਲਈ ਸਿਆਸੀ ਪਾਰਟੀਆਂ ਵੱਲੋਂ ਮੀਟਿੰਗਾਂ ਕਰਕੇ ਰਣਨੀਤੀ ਘੜੀ ਗਈ। ਹੁਕਮਰਾਨ ਮਹਾ ਵਿਕਾਸ ਅਗਾੜੀ ਦੇ ਭਾਈਵਾਲਾਂ ਅਤੇ ਵਿਰੋਧੀ ਧਿਰ ਭਾਜਪਾ ਲਈ ਇਹ ਚੋਣਾਂ ਪ੍ਰੀਖਿਆ ਦੀ ਘੜੀ ਹੈ। ਮਹਾਰਾਸ਼ਟਰ ’ਚ ਛੇ ਸੀਟਾਂ ਲਈ ਸੱਤ ਉਮੀਦਵਾਰ ਮੈਦਾਨ ’ਚ ਹਨ। ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਗੱਠਜੋੜ ਨੇ ਆਪਣੇ ਵਿਧਾਇਕਾਂ ਨੂੰ ਮੁੰਬਈ ਦੇ ਵੱਖ ਵੱਖ ਹੋਟਲਾਂ ਅਤੇ ਰਿਜ਼ੌਰਟ ’ਚ ਰੱਖਿਆ ਹੋਇਆ ਹੈ। ਐੱਨਸੀਪੀ ਮੁਖੀ ਸ਼ਰਦ ਪਵਾਰ, ਕਾਂਗਰਸ ਜਨਰਲ ਸਕੱਤਰ ਮਲਿਕਾਰਜੁਨ ਖੜਗੇ, ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਵੱਲੋਂ ਆਪਣੇ ਆਪਣੇ ਵਿਧਾਇਕਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਹਨ। ਐੱਨਸੀਪੀ ਦੇ ਨਵਾਬ ਮਲਿਕ ਅਤੇ ਅਨਿਲ ਦੇਸ਼ਮੁਖ ਦੇ ਜੇਲ੍ਹ ’ਚ ਹੋਣ ਕਰਕੇ ਪਾਰਟੀ ਦਾ ਗਣਿਤ ਵਿਗੜ ਗਿਆ ਹੈ। ਭਾਜਪਾ ਆਗੂ ਦੇਵੇਂਦਰ ਫੜਨਵੀਸ ਦੀ ਕਰੋਨਾ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੁਣ ਭਲਕੇ ਵੋਟ ਪਾ ਸਕਣਗੇ। ਛੇਵੀਂ ਸੀਟ ਲਈ ਭਾਜਪਾ ਦੇ ਧਨੰਜਯ ਮਹਾਦਿਕ ਅਤੇ ਸ਼ਿਵ ਸੈਨਾ ਦੇ ਸੰਜੈ ਪਵਾਰ ਵਿਚਕਾਰ ਮੁਕਾਬਲਾ ਹੈ।
ਉਧਰ ਕਰਨਾਟਕ ’ਚ ਚੌਥੀ ਸੀਟ ਨੂੰ ਲੈ ਕੇ ਸਖ਼ਤ ਮੁਕਾਬਲਾ ਹੈ। ਹੁਕਮਰਾਨ ਭਾਜਪਾ, ਕਾਂਗਰਸ ਅਤੇ ਜਨਤਾ ਦਲ (ਐੱਸ) ਆਪਣੀ ਆਪਣੀ ਜਿੱਤ ਦੇ ਦਮਗਜ਼ੇ ਮਾਰ ਰਹੇ ਹਨ ਪਰ ਉਨ੍ਹਾਂ ਕੋਲ ਜਿੱਤ ਲਈ ਢੁੱਕਵੇਂ ਵਿਧਾਇਕ ਨਹੀਂ ਹਨ। ਭਾਜਪਾ ਨੂੰ ਤਿੰਨ ਸੀਟਾਂ ਜਿੱਤਣ ਦਾ ਪੂਰਾ ਭਰੋਸਾ ਹੈ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਦਿੱਤੇ ਗਏ ਰਾਤ ਦੇ ਖਾਣੇ ’ਤੇ ਵਿਧਾਇਕਾਂ ਨੇ ਵੋਟਿੰਗ ਪ੍ਰਕਿਰਿਆ ਬਾਰੇ ਚਰਚਾ ਕੀਤੀ। ਸੀਤਾਰਾਮਨ ਖੁਦ ਵੀ ਉਮੀਦਵਾਰ ਹਨ। ਕਾਂਗਰਸ ਅਤੇ ਜਨਤਾ ਦਲ (ਐੱਸ) ਦੇ ਸੀਨੀਅਰ ਆਗੂਆਂ ਨੇ ਇਕ-ਦੂਜੇ ਦੇ ਵਿਧਾਇਕਾਂ ਦੇ ਵੋਟ ਹਾਸਲ ਕਰਨ ਲਈ ਆਪਸ ’ਚ ਗੱਲਬਾਤ ਕੀਤੀ ਹੈ। ਜਨਤਾ ਦਲ (ਐੱਸ) ਨੇ ਆਪਣੇ ਸਾਰੇ ਵਿਧਾਇਕ ਹੋਟਲ ਅਤੇ ਰਿਜ਼ੌਰਟ ’ਚ ਭੇਜ ਦਿੱਤੇ ਹਨ।
ਵੋਟਿੰਗ ਲਈ ਚੋਣ ਕਮਿਸ਼ਨ ਦੇ ਵਿਸ਼ੇਸ਼ ਪੈੱਨ ਦੀ ਕੀਤੀ ਜਾਵੇਗੀ ਵਰਤੋਂ
ਚੰਡੀਗੜ੍ਹ (ਆਤਿਸ਼ ਗੁਪਤਾ): ਹਰਿਆਣਾ ਦੀਆਂ ਦੋ ਰਾਜ ਸਭਾ ਸੀਟਾਂ ਲਈ ਕੇਂਦਰੀ ਚੋਣ ਕਮਿਸ਼ਨ ਦਾ ਵਿਸ਼ੇਸ਼ ਪੈੱਨ ਚੰਡੀਗੜ੍ਹ ਸਥਿਤ ਹਰਿਆਣਾ ਵਿਧਾਨ ਸਭਾ ਵਿੱਚ ਪਹੁੰਚ ਚੁੱਕਿਆ ਹੈ। ਪੈੱਨ ਨੂੰ ਚੋਣ ਅਧਿਕਾਰੀ ਰਾਜਿੰਦਰ ਸਿੰਘ ਨਾਂਦਲ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਚੋਣ ਅਮਲ ਦੀ ਨਿਗਰਾਨੀ ਲਈ ਚੋਣ ਕਮਿਸ਼ਨ ਨੇ ਮਣੀਪੁਰ ਦੇ ਮੁੱਖ ਚੋਣ ਅਧਿਕਾਰੀ ਰਾਜੇਸ਼ ਅਗਰਵਾਲ ਅਤੇ ਹਰਿਆਣਾ ਦੇ ਮੁੱਖ ਚੋਣ ਅਧਿਕਾਰੀ ਅਨੁਰਾਗ ਅਗਰਵਾਲ ਨੂੰ ਤਾਇਨਾਤ ਕੀਤਾ ਹੈ। ਸਾਲ 2016 ਵਿੱਚ ਰਾਜ ਸਭਾ ਚੋਣਾਂ ਦੌਰਾਨ ਹੋਏ ਸਿਆਹੀ ਕਾਂਡ ਤੋਂ ਸਬਕ ਲੈਂਦੇ ਹੋਏ ਚੋਣ ਕਮਿਸ਼ਨ ਨੇ ਵੱਖਰੀ ਕਿਸਮ ਦੇ ਪੈੱਨ ਦੀ ਚੋਣ ਕੀਤੀ ਹੈ। ਵਿਧਾਇਕ ਵੋਟ ਦੌਰਾਨ ਪੈੱਨ ਦੀ ਵਰਤੋਂ ਕਰਕੇ ਚੋਣ ਅਧਿਕਾਰੀ ਨੂੰ ਵਾਪਸ ਕਰਨਗੇ। ਚੋਣ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਉਣ ਲਈ ਵੀਡੀਓਗ੍ਰਾਫੀ ਵੀ ਕਰਵਾਈ ਜਾ ਰਹੀ ਹੈ। ਇਸ ਦੇ ਨਾਲ ਹੀ ਵੋਟਿੰਗ ਸਮੇਂ ਵਿਧਾਇਕਾਂ ਦਾ ਮੋਬਾਈਲ, ਘੜੀ ਅਤੇ ਹੋਰ ਸਾਮਾਨ ਬਾਹਰ ਹੀ ਰਖਵਾਇਆ ਜਾਵੇਗਾ।