ਨਵੀਂ ਦਿੱਲੀ, 10 ਫਰਵਰੀ
ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਤੇ ਜਲ ਮਾਰਗ ਮੰਤਰੀ ਮਨਸੁਖ ਮੰਡਾਵੀਆ ਨੇ ਬੁੱਧਵਾਰ ਨੂੰ ਵਿਰੋਧੀ ਧਿਰ ਦੇ ਦੋਸ਼ਾਂ ਨੂੰ ਰੱਦ ਕਰ ਦਿੱਤਾ ਕਿ ਸਰਕਾਰ ਦੇਸ਼ ਦੀਆਂ ਵੱਡੀਆਂ ਬੰਦਰਗਾਹਾਂ ਨੂੰ ਨਿੱਜੀ ਹੱਥਾਂ ਵਿਚ ਦੇ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੰਦਰਗਾਹਾਂ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਕਰਮਚਾਰੀਆਂ ਦੀ ਭਲਾਈ ਦਾ ਖਿਆਲ ਰੱਖੇਗੀ। ਮੰਤਰੀ ਨੇ ਪ੍ਰਮੁੱਖ ਬੰਦਰਗਾਹ ਅਥਾਰਟੀ ਬਿੱਲ 2020 ‘ਤੇ ਰਾਜ ਸਭਾ ਵਿਚ ਹੋਈ ਚਰਚਾ ਦਾ ਜਵਾਬ ਦਿੰਦਿਆਂ ਕਿਹਾ ਕਿ ਬਹੁਤ ਸਾਰੇ ਵਿਰੋਧੀ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਇਸ ਬਿੱਲ ਦੇ ਜ਼ਰੀਏ ਸਰਕਾਰ ਬੰਦਰਗਾਹਾਂ ਨੂੰ ਨਿੱਜੀ ਹੱਥਾਂ ਵਿਚ ਸੌਂਪਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਹੋਵੇਗਾ। ਸਰਕਾਰ ਨੇ ਸਰਕਾਰੀ ਨਿੱਜੀ ਭਾਈਵਾਲ (ਪੀਪੀਪੀ) ਤਹਿਤ ਬੰਦਰਗਾਹਾਂ ਦਾ ਵਿਕਾਸ ਕਰਨ ਦੀ ਯੋਜਨਾ ਬਣਾਈ ਹੈ।ਇਸ ਮਗਰੋਂ ਸਦਨ ਨੇ ਬਿੱਲ ਨੂੰ 44 ਦੇ ਮੁਕਾਬਲੇ 84 ਵੋਟਾਂ ਨਾਲ ਪਾਸ ਕਰ ਦਿੱਤਾ।