ਨਵੀਂ ਦਿੱਲੀ, 1 ਅਗਸਤ
ਮੁੱਖ ਅੰਸ਼
- ਮਹਿੰਗਾਈ ਦੇ ਮੁੱਦੇ ’ਤੇ ਰਾਜ ਸਭਾ ’ਚ ਅੱਜ ਹੋਵੇਗੀ ਚਰਚਾ
-
ਸੀਤਾਰਾਮਨ ਵੱਲੋਂ ਸੋਨੀਆ ਗਾਂਧੀ ਦੇ ਹਵਾਲੇ ਨਾਲ ਕੀਤੀ ਟਿੱਪਣੀ ਸਦਨ ਦੀ ਕਾਰਵਾਈ ’ਚੋਂ ਹਟਾਈ
ਵਿਰੋਧੀ ਪਾਰਟੀਆਂ ਨੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੈ ਰਾਊਤ ਦੀ ਗ੍ਰਿਫ਼ਤਾਰੀ ਤੇ ਹੋਰਨਾ ਮੁੱਦਿਆਂ ਨੂੰ ਲੈ ਕੇ ਅੱਜ ਰਾਜ ਸਭਾ ਵਿੱਚ ਸਰਕਾਰ ਨੂੰ ਘੇਰਿਆ। ਵਿਰੋਧੀ ਧਿਰਾਂ ਦੇ ਰੌਲੇ-ਰੱਪੇ ਕਰਕੇ ਉਪਰਲੇ ਸਦਨ ਦੀ ਕਾਰਵਾਈ ਨੂੰ ਕਈ ਵਾਰ ਮੁਲਤਵੀ ਕਰਨਾ ਪਿਆ। ਉਂਜ ਰੌਲੇ-ਰੱਪੇ ਦਰਮਿਆਨ ਹੀ ਸਰਕਾਰ ਨੇ ਵੱਡੀ ਤਬਾਹੀ ਵਾਲੇ ਹਥਿਆਰਾਂ ਨਾਲ ਸਬੰਧਤ ਬਿੱਲ ’ਤੇ ਜ਼ੁਬਾਨੀ ਵੋਟਾਂ ਨਾਲ ਮੋਹਰ ਲਾ ਦਿੱਤੀ। ਲੋਕਾਂ ਸਭਾ ਪਹਿਲਾਂ ਹੀ ਇਸ ਬਿੱਲ ਨੂੰ ਪਾਸ ਕਰ ਚੁੱਕੀ ਹੈ। ਸਰਕਾਰ ਨੇ ਰਾਜ ਸਭਾ ਵਿੱਚ ਭਲਕੇ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਲਈ ਸਹਿਮਤੀ ਦਿੱਤੀ ਹੈ। ਇਸ ਦੌਰਾਨ ਰਾਜ ਸਭਾ ਦੇ ਚੇਅਰਮੈਨ ਐੱਮ.ਵੈਂਕਈਆ ਨਾਇਡੂ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ 28 ਜੁਲਾਈ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੇ ਹਵਾਲੇ ਨਾਲ ਕੀਤੀਆਂ ਟਿੱਪਣੀਆਂ ਨੂੰ ਸਦਨ ਦੀ ਕਾਰਵਾਈ ’ਚੋਂ ਹਟਾ ਦਿੱਤਾ ਹੈ। ਸੀਤਾਰਾਮਨ ਨੇ ਅਧੀਰ ਰੰਜਨ ਦੀ ਰਾਸ਼ਟਰਪਤੀ ਬਾਰੇ ਵਿਵਾਦਿਤ ਟਿੱਪਣੀ ਨੂੰ ਲੈ ਕੇ ਸੋਨੀਆ ਗਾਂਧੀ ਨੂੰ ਮੁਆਫ਼ੀ ਮੰਗਣ ਲਈ ਕਿਹਾ ਸੀ। ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਨਾਇਡੂ ਵੱਲੋਂ ਸੱਦੀ ਮੀਟਿੰਗ ਦੌਰਾਨ ਵਿੱਤ ਮੰਤਰੀਆਂ ਦੀਆਂ ਉਪਰੋਕਤ ਟਿੱਪਣੀਆਂ ਸਦਨ ਦੀ ਕਾਰਵਾਈ ’ਚੋਂ ਹਟਾਉਣ ਦੀ ਮੰਗ ਕੀਤੀ ਸੀ। ਇਸ ਤੋਂ ਪਹਿਲਾਂ ਸਦਨ ਇਕ ਘੰਟੇ ਲਈ ਮੁਲਤਵੀ ਰਹਿਣ ਮਗਰੋਂ ਦੁਪਹਿਰ 12 ਵਜੇ ਪ੍ਰਸ਼ਨ ਕਾਲ ਲਈ ਮੁੜ ਜੁੜਿਆ ਤਾਂ ਵਿਰੋਧੀ ਪਾਰਟੀਆਂ ਨੇ ਆਪਣਾ ਰੋਸ ਪ੍ਰਦਰਸ਼ਨ ਜਾਰੀ ਰੱਖਿਆ। ਕਈ ਮੈਂਬਰਾਂ ਨੇ ਸਦਨ ਦੇ ਐਨ ਵਿਚਾਲੇ ਜਾ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਦਨ ਦੇ ਆਗੂ ਤੇ ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਸੰਸਦੀ ਕਾਰਵਾਈ ਤੇ ਪ੍ਰਸ਼ਨ ਕਾਲ ਨੂੰ ਚੱਲਣ ਦੇਣ ਕਿਉਂਕਿ ਮਹਿੰਗਾਈ ਦੇ ਮੁੱਦੇ ’ਤੇ ਚਰਚਾ ਸੰਸਦ ਦੇ ਦੋਵਾਂ ਸਦਨਾਂ ਦੀ ਕੰਮਕਾਜੀ ਸੂਚੀ ਵਿੱਚ ਸ਼ਾਮਲ ਹੈ। ਸ਼ਿਵ ਸੈਨਾ ਆਗੂ ਸੰਜੈ ਰਾਊਤ ਨੂੰ ਮਨੀ ਲਾਂਡਰਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤੇ ਜਾਣ ਦੇ ਹਵਾਲੇ ਨਾਲ ਗੋਇਲ ਨੇ ਕਿਹਾ, ‘‘ਅਸੀਂ ਕਾਨੂੰਨਘਾੜੇ ਹਾਂ, ਕਾਨੂੰਨ ਤੋੜਨ ਵਾਲੇ ਨਹੀਂ। ਕਾਨੂੰਨ ਤੋੜਨ ਵਾਲਿਆਂ ਨੂੰ ਕਾਨੂੰਨ ਮੁਤਾਬਕ ਸਿੱਟੇ ਭੁਗਤਣੇ ਹੋਣਗੇ। ਸਰਕਾਰ ਐੱਨਫੋਰਸਮੈਂਟ ਏਜੰਸੀਆਂ ਦੇ ਕੰਮ ਵਿੱਚ ਦਖ਼ਲ ਨਹੀਂ ਦਿੰਦੀ, ਉਹ ਆਪਣਾ ਕੰਮ ਕਰ ਰਹੇ ਹਨ। ਮੈਂ ਵਿਰੋਧੀ ਧਿਰਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਸਦਨ ਦੀ ਕਾਰਵਾਈ ਚੱਲਣ ਦੇਣ ਤਾਂ ਕਿ ਅਹਿਮ ਵਿਧਾਨਕ ਕੰਮ ਸਿਰੇ ਚੜ੍ਹ ਸਕਣ।’’ਇਸ ਦੌਰਾਨ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ ਨੇ ਮੰਗ ਕੀਤੀ ਕਿ ਕੇਂਦਰੀ ਮੰਤਰੀਆਂ ਪਿਊਸ਼ ਗੋਇਲ ਤੇ ਨਿਰਮਲਾ ਸੀਤਾਰਾਮਨ ਵੱਲੋਂ 28 ਜੁਲਾਈ ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਬਾਰੇ ਕੀਤੀਆਂ ਟਿੱਪਣੀਆਂ ਸਦਨ ਦੀ ਕਾਰਵਾਈ ’ਚੋਂ ਹਟਾਈਆਂ ਜਾਣ ਤੇ ਦੋਵੇਂ ਮੰਤਰੀ ਇਸ ਲਈ ਮੁਆਫ਼ੀ ਮੰਗਣ। ਖੜਗੇ ਨੇ ਕਿਹਾ ਕਿ ਉਨ੍ਹਾਂ 29 ਜੁਲਾਈ ਨੂੰ ਰਾਜ ਸਭਾ ਦੇ ਚੇਅਰਮੈਨ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਉਨ੍ਹਾਂ ਕਿਹਾ, ‘‘ਉਹ (ਸੋਨੀਆ ਗਾਂਧੀ) ਦੂਜੇ ਸਦਨ ਦੀ ਮੈਂਬਰ ਹੈ ਤੇ ਉਨ੍ਹਾਂ ਦੇ ਨਾਮ ਦਾ ਜ਼ਿਕਰ ਕੀਤੇ ਜਾਣਾ ਸੰਸਦੀ ਮਰਿਆਦਾ ਦਾ ਉਲੰਘਣ ਹੈ।’’ -ਪੀਟੀਆਈ