ਨਵੀਂ ਦਿੱਲੀ, 24 ਅਗਸਤ
ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਤਾਸ਼ਕੰਦ ਵਿਚ ਹੋਏ ਸੰਮੇਲਨ ’ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਕਿਸੇ ਵੀ ਤਰ੍ਹਾਂ ਦਾ ਅਤਿਵਾਦ, ਜਿਸ ਵਿਚ ਸਰਹੱਦ ਪਾਰੋਂ ਹੁੰਦਾ ਅਤਿਵਾਦ ਵੀ ਸ਼ਾਮਲ ਹੈ, ਮਨੁੱਖਤਾ ਦੇ ਖ਼ਿਲਾਫ਼ ਅਪਰਾਧ ਹੈ। ਉਨ੍ਹਾਂ ਕਿਹਾ ਕਿ ਦਹਿਸ਼ਤਗਰਦੀ ਵਿਰੁੱਧ ਇਕਜੁੱਟ ਹੋ ਕੇ ਨਜਿੱਠਿਆ ਜਾਣਾ ਚਾਹੀਦਾ ਹੈ। ਆਪਣੇ ਸੰਬੋਧਨ ਵਿਚ ਰਾਜਨਾਥ ਨੇ ਅਤਿਵਾਦ ਖ਼ਿਲਾਫ਼ ਭਾਰਤ ਦੇ ਅਹਿਦ ਨੂੰ ਦੁਹਰਾਇਆ। ਉਨ੍ਹਾਂ ਕਿਹਾ ਕਿ ਭਾਰਤ ਇਸ ਖੇਤਰ ਨੂੰ ਸ਼ਾਂਤੀਪੂਰਨ, ਸੁਰੱਖਿਅਤ ਤੇ ਸਥਿਰ ਬਣਾਉਣ ਪ੍ਰਤੀ ਵਚਨਬੱਧ ਹੈ। ਉਨ੍ਹਾਂ ਕਿਹਾ ਕਿ, ‘ਅਤਿਵਾਦ ਆਲਮੀ ਸ਼ਾਂਤੀ ਤੇ ਸਥਿਰਤਾ ਲਈ ਸਭ ਤੋਂ ਗੰਭੀਰ ਖ਼ਤਰਾ ਹੈ।’ ਰਾਜਨਾਥ ਨੇ ਕਿਹਾ, ‘ਅਸੀਂ ਐੱਸਸੀਓ ਮੈਂਬਰ ਮੁਲਕਾਂ ਨਾਲ ਮਿਲ ਕੇ ਸਾਂਝੀ ਸੰਸਥਾਗਤ ਸਮਰੱਥਾ ਵਿਕਸਤ ਕਰਨੀ ਚਾਹੁੰਦੇ ਹਾਂ, ਜੋ ਹਰੇਕ ਮੁਲਕ ਦੇ ਸੰਵੇਦਨਸ਼ੀਲ ਪੱਖਾਂ ਦਾ ਸਤਿਕਾਰ ਕਰੇ, ਤੇ ਨਾਲ ਹੀ ਮੁਲਕਾਂ, ਵਿਅਕਤੀਆਂ ਤੇ ਭਾਈਚਾਰਿਆਂ ਵਿਚ ਸਹਿਯੋਗ ਦੀ ਭਾਵਨਾ ਪੈਦਾ ਕਰਨ ਵਿਚ ਵੀ ਸਹਾਈ ਹੋਵੇ।’ ਜ਼ਿਕਰਯੋਗ ਹੈ ਕਿ ਚੀਨ ਤੇ ਪਾਕਿਸਤਾਨ ਵੀ ਐੱਸਸੀਓ ਦੇ ਮੈਂਬਰ ਹਨ। ਭਾਰਤੀ ਰੱਖਿਆ ਮੰਤਰੀ ਨੇ ਇਸ ਮੌਕੇ ਅਫ਼ਗਾਨਿਸਤਾਨ ਵਿਚ ਸ਼ਾਂਤੀ-ਸਥਿਰਤਾ ਦਾ ਪੱਖ ਪੂਰਿਆ, ਤੇ ਨਾਲ ਹੀ ਮੁਲਕ ਦੀ ਪ੍ਰਭੂਸੱਤਾ, ਖ਼ੁਦਮੁਖਤਿਆਰੀ, ਖੇਤਰੀ ਅਖੰਡਤਾ ਦਾ ਸਨਮਾਨ ਕਰਨ ਦੀ ਹਾਮੀ ਵੀ ਭਰੀ। ਉਨ੍ਹਾਂ ਸਾਰੇ ਮੁਲਕਾਂ ਨੂੰ ਬੇਨਤੀ ਕੀਤੀ ਕਿ ਉਹ ਅਫ਼ਗਾਨਿਸਤਾਨ ਦੇ ਸ਼ਾਸਕਾਂ ਨੂੰ ਸੰਵਾਦ ਦੇ ਰਾਹ ਰਾਹੀਂ ਹਰ ਵਰਗ ਦੀ ਸ਼ਮੂਲੀਅਤ ਵਾਲੀ ਸਰਕਾਰ ਦੇ ਗਠਨ ਲਈ ਪ੍ਰੇਰਿਤ ਕਰਨ। ਰੱਖਿਆ ਮੰਤਰੀ ਨੇ ਕਿਹਾ ਕਿ ਅਫ਼ਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਿਸੇ ਹੋਰ ਮੁਲਕ ਉਤੇ ਹਮਲਿਆਂ ਲਈ ਨਹੀਂ ਹੋਣੀ ਚਾਹੀਦੀ। ਇਸ ਨੂੰ ਅਤਿਵਾਦੀਆਂ ਦੀ ਸਿਖ਼ਲਾਈ ਤੇ ਠਾਹਰ ਲਈ ਸੁਰੱਖਿਅਤ ਟਿਕਾਣਾ ਨਾ ਬਣਨ ਦਿੱਤਾ ਜਾਵੇ। ਉਨ੍ਹਾਂ ਅਫ਼ਗਾਨਿਸਤਾਨ ਦੇ ਲੋਕਾਂ ਲਈ ਮਦਦ ਭੇਜਣ ਉਤੇ ਵੀ ਜ਼ੋਰ ਦਿੱਤਾ ਜੋ ਕਿ ਮਨੁੱਖੀ ਸੰਕਟ ਵਿਚ ਘਿਰੇ ਹੋਏ ਹਨ। ਯੂਕਰੇਨ ਦੀ ਸਥਿਤੀ ਉਤੇ ਭਾਰਤ ਵੱਲੋਂ ਫ਼ਿਕਰ ਜ਼ਾਹਿਰ ਕਰਦਿਆਂ ਰਾਜਨਾਥ ਨੇ ਕਿਹਾ ਕਿ ਨਵੀਂ ਦਿੱਲੀ ਯੂਕਰੇਨ-ਰੂਸ ਦਰਮਿਆਨ ਵਾਰਤਾ ਦੀ ਹਾਮੀ ਭਰਦਾ ਹੈ। -ਪੀਟੀਆਈ
ਅਤਿਵਾਦੀ ਦੀ ਗ੍ਰਿਫ਼ਤਾਰੀ ਲਈ ਰਾਜਨਾਥ ਵੱਲੋਂ ਰੂਸੀ ਹਮਰੁਤਬਾ ਦਾ ਧੰਨਵਾਦ
ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਰੂਸੀ ਹਮਰੁਤਬਾ ਸਰਗੇਈ ਸ਼ੋਇਗੂ ਦਾ ਮਾਸਕੋ ਵਿਚ ਗ੍ਰਿਫ਼ਤਾਰ ਕੀਤੇ ਗਏ ਇਕ ਅਤਿਵਾਦੀ ਲਈ ਸ਼ੁਕਰੀਆ ਅਦਾ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਦਹਿਸ਼ਤਗਰਦ ਭਾਰਤ ਵਿਚ ਹਮਲਿਆਂ ਦੀ ਸਾਜ਼ਿਸ਼ ਘੜ ਰਿਹਾ ਸੀ। ਉਨ੍ਹਾਂ ਤਾਸ਼ਕੰਦ ਵਿਚ ਐੱਸਸੀਓ ਸੰਮੇਲਨ ਦੌਰਾਨ ਰੂਸ ਦੇ ਰੱਖਿਆ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਦੱਸਣਯੋਗ ਹੈ ਕਿ ਭਾਰਤ ਤੋਂ ਇਲਾਵਾ ਕਜ਼ਾਖ਼ਸਤਾਨ, ਚੀਨ, ਕਿਰਗਿਜ਼ ਗਣਰਾਜ, ਪਾਕਿਸਤਾਨ, ਰੂਸ, ਤਾਜਿਕਿਸਤਾਨ ਤੇ ਉਜ਼ਬੇਕਿਸਤਾਨ ਐੱਸਸੀਓ ਦੇ ਮੈਂਬਰ ਹਨ। -ਪੀਟੀਆਈ