ਗੁਹਾਟੀ, 18 ਜੂਨ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਇਥੋਂ ਦੇ ਸਟੇਡੀਅਮ ’ਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਵੱਲੋਂ ਸਥਾਪਤ ਕੋਵਿਡ ਹਸਪਤਾਲ ਦਾ ਦੌਰਾ ਕੀਤਾ। ਇਸ ਹਸਪਤਾਲ ’ਚ 316 ਬੈੱਡ ਹਨ ਅਤੇ ਇਹ ਅਸਾਮ ਸਰਕਾਰ ਦੇ ਸਹਿਯੋਗ ਨਾਲ ਸਥਾਪਤ ਕੀਤਾ ਗਿਆ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਇਹ ਹਸਪਤਾਲ ਅਸਾਮ ਨੂੰ ਕਰੋਨਾ ਖ਼ਿਲਾਫ਼ ਜੰਗ ’ਚ ਸਹਾਇਤਾ ਪ੍ਰਦਾਨ ਕਰੇਗਾ। ਹਸਪਤਾਲ ਦੇ ਦੌਰੇ ਮੌਕੇ ਉਨ੍ਹਾਂ ਨਾਲ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਅਤੇ ਸੂਬੇ ਦੇ ਸਿਹਤ ਮੰਤਰੀ ਕੇਸ਼ਵ ਮਹੰਤਾ ਵੀ ਹਾਜ਼ਰ ਸਨ। ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਮਸ਼ਹੂਰ ਕਾਮਾਖਿਆ ਮੰਦਰ ’ਚ ਮੱਥਾ ਟੇਕਿਆ। ਕਰੋਨਾ ਪਾਬੰਦੀਆਂ ਕਾਰਨ ਮੰਦਰ ਭਾਵੇਂ ਬੰਦ ਹੈ ਪਰ ਰਾਜਨਾਥ ਸਿੰਘ ਨੇ ਮੁੱਖ ਦਰਵਾਜ਼ੇ ਦੇ ਬਾਹਰ ਹੀ ਪ੍ਰਾਰਥਨਾ ਕੀਤੀ। ਰੱਖਿਆ ਮੰਤਰੀ ਅਰੁਣਾਚਲ ਪ੍ਰਦੇਸ਼ ’ਚ 12 ਰਣਨੀਤਕ ਤੌਰ ’ਤੇ ਅਹਿਮ ਸੜਕਾਂ ਨੂੰ ਸਮਰਪਿਤ ਕਰਨ ਮਗਰੋਂ ਵੀਰਵਾਰ ਸ਼ਾਮ ਨੂੰ ਇਥੇ ਪੁੱਜੇ ਸਨ। -ਪੀਟੀਆਈ