ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਸੀ ਮਿੱਲਰ ਨਾਲ ਫੋਨ ’ਤੇ ਗੱਲਬਾਤ ਕੀਤੀ ਤੇ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਸਹਿਯੋਗ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕੀਤੀ। ਗੱਲਬਾਤ ਮਗਰੋਂ ਰਾਜਨਾਥ ਸਿੰਘ ਨੇ ਕਿਹਾ ਕਿ ਅਕਤੂਬਰ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਹੋਇਆ ਬੇਸਿਕ ਐਕਸਚੇਂਜ ਐਂਡ ਕਾਰਪੋਰੇਸ਼ਨ ਸਮਝੌਤਾ (ਬੀਈਸੀਏ) ਰੱਖਿਆ ਸਹਿਯੋਗ ਦੀ ਦਿਸ਼ਾ ਦਾ ਸ਼ਕਤੀਸ਼ਾਲੀ ਸੰਕੇਤ ਹੈ। ਉਨ੍ਹਾਂ ਕਿਹਾ ,‘ਅੱਜ ਫੋਨ ’ਤੇ ਅਮਰੀਕਾ ਦੇ ਕਾਰਜਕਾਰੀ ਰੱਖਿਆ ਮੰਤਰੀ ਕ੍ਰਿਸਟੋਫਰ ਸੀ ਮਿਲਰ ਨਾਲ ਗੱਲਬਾਤ ਕੀਤੀ। ਰੱਖਿਆ ਦੇ ਖੇਤਰ ਵਿੱਚ ਭਾਰਤ-ਅਮਰੀਕਾ ਸਾਂਝ ਪਿਛਲੇ ਦਹਾਕੇ ਵਿੱਚ ਪੱਕੀ ਹੋ ਗਈ ਹੈ।’ ਉਨ੍ਹਾਂ ਆਖਿਆ ਕਿ 2020 ਭਾਰਤ-ਅਮਰੀਕਾ ਰੱਖਿਆ ਸਬੰਧਾਂ ਲਈ ‘ਇਤਿਹਾਸਕ ਸਾਲ’ ਹੈ।ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਦੌਰਾਨ ਰਣਨੀਤਕ ਸਹਿਯੋਗ ਦੇ ਮੁੱਦਿਆਂ ’ਤੇ ਗੱਲਬਾਤ ਕੀਤੀ ਗਈ। -ਪੀਟੀਆਈ