ਨਵੀਂ ਦਿੱਲੀ, 20 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੋਮਵਾਰ ਨੂੰ ਆਪਣੇ ਅਮਰੀਕੀ ਹਮਰੁਤਬਾ ਲੌਇਡ ਅਸਟਿਨ ਨਾਲ ਗੱਲਬਾਤ ਕੀਤੀ। ਦੋਵਾਂ ਆਗੂਆਂ ਨੇ ਅਫ਼ਗਾਨਿਸਤਾਨ ਦੇ ਹਾਲਾਤ ਅਤੇ ਦੁਵੱਲੇ ਰੱਖਿਆ ਤਾਲਮੇਲ ਬਾਰੇ ਵਿਚਾਰ-ਵਟਾਂਦਰਾ ਕੀਤਾ। ਸੰਵਾਦ ਨੂੰ ‘ਨਿੱਘਾ’ ਦੱਸਦਿਆਂ ਸਿੰਘ ਨੇ ਕਿਹਾ ਕਿ ਭਵਿੱਖ ਵਿੱਚ ਭਾਰਤ-ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਅਤੇ ‘ਲਾਹੇਵੰਦ ਵਾਰਤਾ’ ਜਾਰੀ ਰੱਖਣ ’ਤੇ ਸਹਿਮਤੀ ਬਣੀ। ਰੱਖਿਆ ਮੰਤਰੀ ਨੇ ਦੱਸਿਆ,‘ਰੱਖਿਆ ਸਕੱਤਰ ਲੌਇਡ ਅਸਟਿਨ ਨਾਲ ਟੈਲੀਫੋਨ ’ਤੇ ਨਿੱਘੀ ਗੱਲਬਾਤ ਹੋਈ। ਅਸੀਂ ਦੁਵੱਲੇ ਰੱਖਿਆ ਤਾਲਮੇਲ ਤੇ ਖੇਤਰੀ ਮੁੱੱਦਿਆਂ ਸਮੇਤ ਅਫ਼ਗਾਨਿਸਤਾਨ ਵਿੱਚ ਸਥਿਤੀ ਸਬੰਧੀ ਵਿਚਾਰ ਵਟਾਂਦਰਾ ਕੀਤਾ।’ ਉਨ੍ਹਾਂ ਕਿਹਾ,‘ਅਸੀਂ ਲਾਹੇਵੰਦ ਸੰਵਾਦ ਅਤੇ ਸਾਂਝੇਦਾਰੀ ਨੂੰ ਮਜ਼ਬੂਤ ਕਰਨ ਦੇ ਹਿੱਤ ਅੱਗੇ ਗੱਲਬਾਤ ਜਾਰੀ ਰੱਖਾਂਗੇ।’ -ਪੀਟੀਆਈ