ਚੇਨੱਈ, 17 ਜੂਨ
ਹਾਈ ਕੋਰਟਾਂ ਕੋਲ ਸੁਪਰੀਮ ਕੋਰਟ ਜਿਹੀ ਵਿਸ਼ੇਸ਼ ਤਾਕਤ ਨਾ ਹੋਣ ਦਾ ਜ਼ਿਕਰ ਕਰਦਿਆਂ ਮਦਰਾਸ ਹਾਈ ਕੋਰਟ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਹੱਤਿਆ ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਨਲਿਨੀ ਸ੍ਰੀਹਰਨ ਤੇ ਰਵੀਚੰਦਰਨ ਦੀਆਂ ਅਰਜ਼ੀਆਂ ਅੱਜ ਖਾਰਜ ਕਰ ਦਿੱਤੀਆਂ। ਇਨ੍ਹਾਂ ਅਰਜ਼ੀਆਂ ਵਿਚ ਤਾਮਿਲਨਾਡੂ ਦੇ ਰਾਜਪਾਲ ਦੀ ਸਹਿਮਤੀ ਬਿਨਾਂ ਹੀ ਉਨ੍ਹਾਂ ਦੀ ਰਿਹਾਈ ਦਾ ਆਦੇਸ਼ ਜਾਰੀ ਕਰਨ ਦੀ ਬੇਨਤੀ ਕੀਤੀ ਗਈ ਸੀ। ਚੀਫ ਜਸਟਿਸ ਐਮ.ਐੱਨ. ਭੰਡਾਰੀ ਤੇ ਜਸਟਿਸ ਐੱਨ. ਮਾਲਾ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟਾਂ ਕੋਲ ਸੰਵਿਧਾਨ ਦੀ ਧਾਰਾ 226 ਤਹਿਤ ਅਜਿਹਾ ਕਰਨ ਦਾ ਹੱਕ ਨਹੀਂ ਹੈ, ਜਦਕਿ ਸੁਪਰੀਮ ਕੋਰਟ ਨੂੰ ਧਾਰਾ 142 ਤਹਿਤ ਇਹ ਵਿਸ਼ੇਸ਼ ਤਾਕਤ ਪ੍ਰਾਪਤ ਹੈ। ਬੈਂਚ ਨੇ ਨਲਿਨੀ ਤੇ ਰਵੀਚੰਦਰਨ ਦੀਆਂ ਦੋ ਰਿੱਟ ਪਟੀਸ਼ਨਾਂ ਖਾਰਜ ਕੀਤੀਆਂ ਹਨ। -ਪੀਟੀਆਈ