ਚੇੱਨਈ, 3 ਦਸੰਬਰ
ਉੱਘੇ ਅਦਾਕਾਰ ਰਜਨੀਕਾਂਤ ਨੇ ਅੱਜ ਐਲਾਨ ਕੀਤਾ ਹੈ ਕਿ ਉਹ ਜਨਵਰੀ 2021 ਵਿੱਚ ਆਪਣੀ ਰਾਜਨੀਤਿਕ ਪਾਰਟੀ ਬਣਾਉਣਗੇ। ਪਾਰਟੀ ਬਣਾਉਣ ਦਾ ਐਲਾਨ ਕਰਦਿਆਂ ਰਜਨੀਕਾਂਤ ਨੇ ਸਾਲਾਂ ਤੋਂ ਇਸ ਸਬੰਧ ਵਿਚ ਚੱਲ ਰਹੀਆਂ ਕਿਆਸਅਰਾਈਆਂ ਨੂੰ ਖਤਮ ਕਰ ਦਿੱਤਾ ਹੈ। ਰਜਨੀਕਾਂਤ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ 2021 ਦੀਆਂ ਵਿਧਾਨ ਸਭਾ ਚੋਣਾਂ ਲੜੇਗੀ ਅਤੇ ਜਿੱਤੇਗੀ। ਤਾਮਿਲਨਾਡੂ ਵਿਚ ਅਗਲੇ ਸਾਲ ਅਪਰੈਲ-ਮਈ ਦੇ ਵਿਚਕਾਰ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਉਨ੍ਹਾਂ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਦੀ ਪਾਰਟੀ ਜਨਤਾ ਦੇ ਭਾਰੀ ਸਹਿਯੋਗ ਨਾਲ ਚੋਣ ਜਿੱਤੇਗੀ। ਰਜਨੀਕਾਂਤ ਨੇ ਟਵੀਟ ਕੀਤਾ, ‘ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਯਕੀਨੀ ਤੌਰ ’ਤੇ ਸਿਆਸਤ ਬਦਲੇਗੀ। ਇੱਕ ਚਮਤਕਾਰ ਹੋਵੇਗਾ।’ ਉਨ੍ਹਾਂ ਕਿਹਾ ਕਿ ਇਸ ਸਬੰਧੀ ਐਲਾਨ 31 ਦਸੰਬਰ ਨੂੰ ਕੀਤਾ ਜਾਵੇਗਾ।
-ਪੀਟੀਆਈ