ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 24 ਅਗਸਤ
ਸ਼ਿਵਰਾਮ ਹਰੀ ਰਾਜਗੁਰੂ ਦੀ ਜ਼ਿੰਦਗੀ ਛੋਟੀ ਜਿਹੀ ਸੀ ਪਰ ਉਸ ਨੇ ਜਿਹੜਾ ਯੋਗਦਾਨ ਪਾਇਆ ਉਹ ਬਹੁਤ ਵੱਡਾ ਹੈ। 24 ਅਗਸਤ 1908 ਤੋਂ 31 ਮਾਰਚ 1931 ਤੱਕ ਸਿਰਫ 22 ਸਾਲ। ਉਸ ਦਾ ਜਨਮ ਤਾਂ ਮਹਾਰਾਸ਼ਟਰ ਦਾ ਸੀ ਪਰ ਕਰਮਭੂਮੀ ਉੱਤਰ ਪ੍ਰਦੇਸ਼। ਕਹਿੰਦੇ ਨੇ ਬੱਚੇ ਦੀਆਂ ਹਰਕਤਾਂ ਹੀ ਦੱਸ ਦਿੰਦੀਆਂ ਨੇ ਉਹ ਵੱਡਾ ਹੋ ਕੇ ਕੀ ਕਰੇਗਾ। ਰਾਜਗੁਰੂ ਦੇ ਸਿਰ ਤੋਂ ਪਿਤਾ ਦਾ ਸਾਇਆ ਛੇ ਸਾਲ ਦੀ ਉਮਰੇ ਉਠ ਗਿਆ ਤੇ ਉਸ ਹਾਲਾਤ ਵਿੱਚ ਉਹ ਬਾਗ਼ੀ ਸੁਭਾਅ ਦਾ ਬਣ ਗਿਆ। ਘਰੋਂ ਭੱਜ ਗਿਆ ਖਾਲ੍ਹੀ ਹੱਥ ਤੇ ਬਨਾਰਸ ਪੁੱਜ ਗਿਆ। ਇਥੇ ਕਈ ਪਾਪੜ ਵੇਲੇ ਤੇ ਆਖਰ ਸਕੂਲ ਵਿੱਚ ਪੀਟੀ ਮਾਸਟਰ ਲੱਗਿਆ। ਬੱਚਿਆਂ ਨੂੰ ਗੱਤਾ ਤੇ ਲਾਠੀ ਚਲਾਉਣਾ ਸਿਖਾਉਂਣ ਵਾਲਾ ਇਹ ਨੌਜਵਾਨ ਦਾ ਸਰੀਰ ਕੋਈ ਪਹਿਲੀਵਾਨੀ ਵਾਲਾ ਨਹੀਂ ਸੀ ਸਗੋਂ ਉਸ ਦਾ ਸਰੀਰ ਸਧਾਰਨ ਡੀਲ ਡੋਲ ਵਾਲ,ਕਾਲਾ ਰੰਗ, ਲੰਬੂਤਰਾ ਚਿਹਰਾ, ਪਿਚਕੀਆਂ ਗੱਲ੍ਹਾਂ ਤੇ ਉਨ੍ਹਾਂ ਉਪਰ ਹੱਡੀਆਂ ਪਰ ਦਲੇਰ ਸਿਰੇ ਦਾ ਸੀ। ਕਦੇ ਕਿਸੇ ਦੀ ਵੀ ਪ੍ਰਵਾਹ ਨਹੀਂ ਕੀਤੀ, ਆਪਣੀ ਜਾਨ ਦੀ ਤਾਂ ਕਦੇ ਵੀ ਨਹੀਂ। ਉਸ ਵਿੱਚ ਸ਼ੌਕ-ਏ-ਸ਼ਹਾਦਤ ਦਾ ਅਥਾਹ ਜਜ਼ਬਾ ਸੀ। ਉਹ ਹਰ ਸਮੇਂ, ਹਰ ਗੱਲ ਵਿੱਚ ਆਪਣਾ ਮੁਕਾਬਲਾ ਭਗਤ ਸਿੰਘ ਨਾਲ ਕਰਦਾ ਸੀ। ਉਹ ਚਾਹੁੰਦਾ ਸੀ ਕਿ ਦੇਸ਼ ਲਈ ਕੁਰਬਾਨ ਹੋਣ ਵਿੱਚ ਜੇ ਉਹ ਭਗਤ ਸਿੰਘ ਤੋਂ ਅੱਗੇ ਨਹੀਂ ਹੋ ਸਕਦਾ ਤਾਂ ਉਸ ਤੋਂ ਕਿਸੇ ਵੀ ਹਾਲਤ ਵਿੱਚ ਪਿੱਛੇ ਨਾ ਰਹੇ। ਭਗਤ ਸਿੰਘ ਤੇ ਰਾਜਗੁਰੂ ਦੋਵਾਂ ਦਾ ਨਿਸ਼ਾਨਾ ਪੱਕਾ ਸੀ। ਦੋਵੇਂ ਨਿਸ਼ਾਨੇਬਾਜ਼ ਸਨ। ਸੰਨ 1928 ਵਿੱਚ ਜਦੋਂ ਲਾਲ ਲਾਜਪਤ ਰਾਏ ਦੀ ਸ਼ਹਾਦਤ ਉੱਪਰੰਤ ਹਿੰਦੋਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਨੇ ਅੰਗਰੇਜ਼ਾਂ ਤੋਂ ਇਸ ਅਪਮਾਨ ਦਾ ਬਦਲਾ ਲੈਣ ਦਾ ਫ਼ੈਸਲਾ ਲਿਆ ਤਾਂ ਅੰਗਰੇਜ਼ ਅਫ਼ਸਰ ਸਕਾਟ ਨੂੰ ਮਾਰਨ ਦੀ ਜ਼ਿੰਮੇਵਾਰੀ ਰਾਜਗੁਰੂ ਤੇ ਭਗਤ ਸਿੰਘ ਨੂੰ ਹੀ ਸੌਂਪੀ ਗਈ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਵਿੱਚ ਬੰਬ ਸੁੱਟਣ ਲਈ ਨਾਮਜ਼ਦ ਕੀਤਾ ਗਿਆ ਤਾਂ ਕਮੇਟੀ ਵਿੱਚ ਰਾਜਗੁਰੂ ਨੇ ਬਹੁਤ ਜ਼ੋਰ ਲਾਇਆ ਸੀ ਕਿ ਇਹ ਡਿਊਟੀ ਭਗਤ ਸਿੰਘ ਦੀ ਥਾਂ ਉਸ ਨੂੰ ਸੌਂਪੀ ਜਾਵੇ ਜਾਂ ਘੱਟੋ-ਘੱਟ ਉਸ ਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਉੱਥੇ ਭੇਜਿਆ ਜਾਵੇ ਪਰ ਗੱਲ ਨਾ ਬਣੀ। ਬੰਬ ਸੁੱਟਣ ਦੇ ਨਾਲ-ਨਾਲ ਲਾਹੌਰ ਸਾਜ਼ਿਸ਼ ਕੇਸ ਅਧੀਨ ਸੁਖਦੇਵ, ਭਗਤ ਸਿੰਘ, ਸ਼ਿਵ ਵਰਮਾ, ਗਯਾ ਪ੍ਰਸਾਦ, ਜਤਿੰਦਰਨਾਥ ਦਾਸ, ਜੈ ਦੇਵ ਕਪੂਰ, ਬਟੁਕੇਸ਼ਵਰ ਦੱਤ, ਕਮਲ ਨਾਥ, ਭਗਵਾਨ ਦਾਸ ਮਾਹੌਰ, ਜਤਿੰਦਰ ਨਾਥ ਸਾਨਿਆਲ, ਆਸ਼ਾ ਰਾਮ, ਪ੍ਰੇਮ ਦੱਤ, ਦੇਸ਼ ਰਾਜਾ, ਮਹਾਂਬੀਰ ਸਿੰਘ, ਸੁਰੇਂਦਰ ਪਾਂਡੇ, ਅਜੈ ਘੋਸ਼ ਅਤੇ ਰਾਜਗੁਰੂ ਖ਼ਿਲਾਫ਼ ਮੁਕੱਦਮਾ ਚੱਲਿਆ। ਚੰਦਰ ਸ਼ੇਖਰ ਫ਼ਰਾਰ ਸਨ। ਇਹ ਮੁਕੱਦਮਾ ਲਾਹੌਰ ’ਚ ਚੱਲਿਆ। ਅਕਤੂਬਰ 1930 ਨੂੰ ਮੁਕੱਦਮੇ ਦਾ ਫ਼ੈਸਲਾ ਸੁਣਾ ਦਿੱਤਾ ਗਿਆ। ਸੁਖਦੇਵ ਅਤੇ ਭਗਤ ਸਿੰਘ ਦੇ ਨਾਲ-ਨਾਲ ਰਾਜਗੁਰੂ ਨੂੰ ਵੀ ਫਾਂਸੀ ਦੀ ਸਜ਼ਾ ਸੁਣਾਈ ਗਈ। ਰਾਜਗੁਰੂ ਬੇਹੱਦ ਖ਼ੁਸ਼ ਸੀ ਕਿਉਂਕਿ ਉਸ ਦੀ ਭਗਤ ਸਿੰਘ ਨਾਲ ਸ਼ਹੀਦ ਹੋਣ ਦੀ ਸੱਧਰ ਪੂਰੀ ਹੋਣ ਵਾਲੀ ਸੀ। ਅੱਜ ਕੱਲ੍ਹ ਜਦੋਂ ਨੇਤਾ ਰਸਮੀ ਤੌਰ ’ਤੇ ਜੇਲ੍ਹ ਭਰੋ ਅੰਦੋਲਨ ਚਲਾ ਕੇ ਉਂਗਲ ’ਤੇ ਲਹੂ ਲਗਾ ਕੇ ਸ਼ਹੀਦ ਬਣਨ ਦਾ ਢੋਂਗ ਕਰਦੇ ਹਨ ਤਾਂ ਇਨ੍ਹਾਂ ਸੂਰਮਿਆਂ ਨੇ ਕਦੇ ਵੀ ਮੁਆਫ਼ੀ ਨਹੀਂ ਮੰਗੀ, ਕਦੇ ਆਪਣੇ ਕੰਮਾਂ ਦੀ ਵਡਿਆਈ ਨਹੀਂ ਕੀਤੀ ਤੇ ਨਾ ਹੀ ਕੁਰਬਾਨੀ ਲਈ ਕੁੱਝ ਮੰਗਿਆ। ਜੇ ਮੰਗਿਆ ਸੀ ਤਾਂ ਦੇਸ਼ ਦੀ ਆਜ਼ਾਦੀ। ਦੇਸ਼ ਨੂੰ ਆਜ਼ਾਦੀ ਮਿਲੀ ਪਰ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਵਰਗੇ ਨੇਤਾ ਨਹੀਂ।