ਜੈਪੁਰ, 2 ਅਕਤੂਬਰ
ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ’ਤੇ ਅਸਿੱਧਾ ਹਮਲਾ ਕਰਦਿਆਂ ਅੱਜ ਕਿਹਾ ਕਿ ਇਸ ਗੱਲ ਦੀ ਘੋਖ ਕਰਨ ਦੀ ਲੋੜ ਹੈ ਕਿ ਸੂਬੇ ਵਿੱਚ ਨਵੇਂ ਮੁੱਖ ਮੰਤਰੀ ਦੇ ਨਾਂ ਨੂੰ ਲੈ ਕੇ ਵਿਧਾਇਕਾਂ ਵਿੱਚ ਇੰਨਾ ਗੁੱਸਾ ਤੇ ਬੇਚੈਨੀ ਕਿਉਂ ਸੀ। ਗਹਿਲੋਤ ਨੇ ਕਾਂਗਰਸ ਪਾਰਟੀ ਨੂੰ ਸੂਬੇ ਵਿਚ ਪਿਛਲੇ ਦਿਨੀਂ ਦਰਪੇਸ਼ ਰਹੇ ਸੰਕਟ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਨਵੇਂ ਮੁੱਖ ਮੰਤਰੀ ਦੀ ਨਿਯੁਕਤੀ ਹੁੰਦੀ ਹੈ ਤਾਂ 80 ਤੋਂ 90 ਫੀਸਦ ਵਿਧਾਇਕ ਧੜਾ ਬਦਲ ਜਾਂਦੇ ਹਨ, ਪਰ ਰਾਜਸਥਾਨ ਵਿੱਚ ਅਜਿਹਾ ਕੁਝ ਨਹੀਂ ਹੋਇਆ।
ਗਹਿਲੋਤ ਨੇ ਪਾਇਲਟ ਦੇ ਅਸਿੱਧੇ ਹਵਾਲੇ ਨਾਲ ਕਿਹਾ, ‘‘ਜਦੋਂ ਕਦੇ ਮੁੱਖ ਮੰਤਰੀ ਬਦਲਿਆ ਜਾਂਦਾ ਹੈ, 80-90 ਫੀਸਦ (ਵਿਧਾਇਕ) ਉਸ ਦਾ ਸਾਥ ਛੱਡ ਕੇ, ਦੂਜੇ ਧੜੇ ਵੱਲ ਚਲੇ ਜਾਂਦੇ ਹਨ। ਉਹ ਨਵੇਂ ਉਮੀਦਵਾਰ ਨਾਲ ਜਾ ਖੜ੍ਹਦੇ ਹਨ। ਮੈਂ ਵੀ ਇਸ ਰੁਝਾਨ ਨੂੰ ਗ਼ਲਤ ਨਹੀਂ ਮੰਨਦਾ। ਪਰ ਰਾਜਸਥਾਨ ਲਈ ਇਹ ਨਵੀਂ ਗੱਲ ਸੀ, ਜਿੱਥੇ ਵਿਧਾਇਕ ਨਵੇਂ ਮੁੱਖ ਮੰਤਰੀ ਦੇ ਨਾਂ ’ਤੇ ਬੇਚੈਨ ਹੋ ਗਏ।’’ ਗਹਿਲੋਤ ਨੂੰ ਜਦੋਂ ਮੁੱਖ ਮੰਤਰੀ ਬਦਲੇ ਜਾਣ ਦੀਆਂ ਸੰਭਾਵਨਾਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਦੁਹਰਾਇਆ ਕਿ ਇਹ ਫੈਸਲਾ ਪਾਰਟੀ ਹਾਈ ਕਮਾਨ ਨੇ ਲੈਣਾ ਹੈ। ਉਨ੍ਹਾਂ ਕਿਹਾ, ‘‘ਮੈਂ ਆਪਣਾ ਕੰਮ ਕਰ ਰਿਹਾ ਹਾਂ ਤੇ ਜੇਕਰ ਕੋਈ ਫੈਸਲਾ ਲੈਣਾ ਹੈ ਤਾਂ ਉਹ ਪਾਰਟੀ ਹਾਈ ਕਮਾਨ ਦਾ ਕੰਮ ਹੈ।’’ ਕਾਬਿਲੇਗੌਰ ਹੈ ਕਿ ਬਜ਼ੁਰਗ ਕਾਂਗਰਸੀ ਆਗੂ ਨੇ ਸ਼ਨਿੱਚਵਾਰ ਨੂੰ ਲੋਕਾਂ ਤੋਂ ਅਗਲੇ ਬਜਟ ਬਾਰੇ ਸੁਝਾਅ ਮੰਗ ਕੇ ਸੰਕੇਤ ਦਿੱਤਾ ਸੀ ਕਿ ਉਹ ਅਜੇ ਮੁੱਖ ਮੰਤਰੀ ਬਣੇ ਰਹਿਣਗੇ। ਗਹਿਲੋਤ ਨੇ ਐਲਾਨ ਕੀਤਾ ਕਿ ਉਹ ‘ਆਪਣੇ ਆਖਰੀ ਸਾਹਾਂ ਤੱਕ’ ਰਾਜਸਥਾਨ ਦੇ ਲੋਕਾਂ ਤੋਂ ਦੂਰ ਨਹੀਂ ਰਹਿ ਸਕਦੇ ਤੇ ਕਾਂਗਰਸ ਸਰਕਾਰ ਆਪਣੇ ਪੰਜ ਸਾਲ ਪੂਰੇ ਕਰੇਗੀ। -ਪੀਟੀਆਈ