ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 11 ਅਗਸਤ
ਬਜ਼ੁਰਗਾਂ ਦੇ ਉਚ ਜੀਵਨ ਪੱਧਰ ਤੇ ਉਨ੍ਹਾਂ ਦੀ ਸੰਭਾਲ ਵਿੱਚ ਰਾਜਸਥਾਨ, ਹਿਮਾਚਲ ਪ੍ਰਦੇਸ਼, ਮਿਜ਼ੋਰਮ ਤੇ ਚੰਡੀਗੜ੍ਹ ਦੀ ਕਾਰਗੁਜ਼ਾਰੀ ਵਧੀਆ ਰਹੀ ਹੈ ਤੇ ਕੌਮੀ ਰੈਕਿੰਗ ਵਿੱਚ ਇਹ ਤਿੰਨੋਂ ਸੂਬੇ ਤੇ ਯੂਟੀ (ਚੰਡੀਗੜ੍ਹ) ਅੱਵਲ ਰਹੇ ਹਨ। ਇਹ ਸਰਵੇਖਣ ਆਰਥਿਕ ਸਲਾਹਕਾਰ ਕਾਊਂਸਿਲ ਨੇ ਅੱਜ ਪ੍ਰਧਾਨ ਮੰਤਰੀ ਨੂੰ ਸੌਂਪਿਆ ਹੈ। ਜ਼ਿਕਰਯੋਗ ਹੈ ਕਿ ਮੌਜੂਦਾ ਸਮੇਂ ਦੇਸ਼ ਦੀ 8.6 ਫੀਸਦ ਆਬਾਦੀ ਬਜ਼ੁਰਗਾਂ ਦੀ ਹੈ ਤੇ ਵਰ੍ਹਾ 2050 ਤੱਕ ਬਜ਼ੁਰਗਾਂ ਦੀ ਗਿਣਤੀ ਮੌਜੂਦਾ ਸਮੇਂ ਨਾਲੋਂ ਤਿੰਨ ਗੁਣਾ ਵੱਧ ਜਾਵੇਗੀ। ਉਸ ਸਮੇਂ ਦੇਸ਼ ਦਾ ਬਜ਼ੁਰਗ ਵਰਗ ਕੁੱਲ ਆਬਾਦੀ ਦਾ 19.5 ਫੀਸਦ ਹਿੱਸਾ ਹੋਵੇਗਾ। ਇਨ੍ਹਾਂ ਵਿੱਚ ਬਿਰਧ ਔਰਤਾਂ ਦੀ ਗਿਣਤੀ ਜ਼ਿਆਦਾ ਹੋਵੇਗੀ। ਇਸ ਰਿਪੋਰਟ ਵਿੱਚ ਤੁਲਨਾਤਮਕ ਅਧਿਐਨ ਪੇਸ਼ ਕੀਤਾ ਗਿਆ ਹੈ ਕਿ ਕਿਸ ਤਰ੍ਹਾਂ ਦੇਸ਼ ਵਿੱਚ ਬਜ਼ੁਰਗਾਂ ਦੀ ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ। ਇਸ ਅਧਿਐਨ ਵਿੱਚ ਚਾਰ ਪੁਆਇਟਾਂ ਨੂੰ ਧੁਰ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਬਜ਼ੁਰਗਾਂ ਦੀ ਆਰਥਿਕ ਹਾਲਤ, ਸਮਾਜਿਕ ਰਹਿਣ-ਸਹਿਣ, ਤੰਦਰੁਸਤੀ ਤੇ ਰੈਗੂਲਰ ਆਮਦਨ ਦੇ ਵਸੀਲੇ ਸ਼ਾਮਲ ਹਨ।