ਜੈਪੁਰ, 2 ਨਵੰਬਰ
ਰਾਜਸਥਾਨ ਸਰਕਾਰ ਨੇ ਅੱਜ ਕਿਹਾ ਕਿ ਉਹ ਰਾਖ਼ਵੇਂਕਰਨ ਦੀ ਮੰਗ ਕਰ ਰਹੇ ਗੁੱਜਰਾਂ ਨਾਲ ਗੱਲਬਾਤ ਅੱਗੇ ਵਧਾਉਣ ਲਈ ਤਿਆਰ ਹਨ। ਹਾਲਾਂਕਿ ‘ਗੁੱਜਰ ਆਰਕਸ਼ਣ ਸੰਘਰਸ਼ ਸਮਿਤੀ’ ਵਲੋਂ ਕੀਤਾ ਜਾ ਰਿਹਾ ਅੰਦੋਲਨ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਭਰਤਪੁਰ ਵਿਚ ਜਥੇਬੰਦੀ ਦੇ ਕਾਰਕੁਨਾਂ ਨੇ ਰੇਲ ਮਾਰਗ ਜਾਮ ਕਰ ਦਿੱਤਾ। ਰਾਜ ਦੇ ਕਈ ਹੋਰ ਹਿੱਸਿਆਂ ਵਿਚ ਸੜਕੀ ਆਵਾਜਾਈ ਵੀ ਪ੍ਰਭਾਵਿਤ ਹੋਈ। ਸੰਘਰਸ਼ ਦੇ ਮੱਦੇਨਜ਼ਰ ਉੱਤਰ-ਪੱਛਮੀ ਰੇਲਵੇ ਨੇ ਕਈ ਰੇਲ ਗੱਡੀਆਂ ਦਾ ਰਾਹ ਬਦਲਿਆ ਹੈ। ਰੋਡਵੇਜ਼ ਦੀਆਂ ਬੱਸਾਂ ਨੂੰ ਦੌਸਾ, ਭਰਤਪੁਰ, ਕਰੌਲੀ, ਢੋਲਪੁਰ ਤੇ ਹਿੰਦੌਨ ਰੂਟਾਂ ਉਤੇ ਅੱਜ ਰੋਕ ਲਿਆ ਗਿਆ। ਯੂਪੀ ਨੂੰ ਜਾਂਦੇ ਵਾਹਨ ਵੀ ਇਸ ਦੇ ਅਸਰ ਹੇਠ ਆਏ। ਰਾਜਸਥਾਨ ਵਿਧਾਨ ਸਭਾ ਦੇ ਸੈਸ਼ਨ ਵਿਚ ਵੀ ਇਹ ਮੁੱਦਾ ਉੱਭਰਿਆ। ਵਿਰੋਧੀ ਧਿਰ ਦੇ ਆਗੂ ਰਾਜੇਂਦਰ ਰਾਠੌਰ ਨੇ ਸਰਕਾਰ ਨੂੰ ਸਵਾਲ ਕੀਤਾ ਕਿ ਕੈਬਨਿਟ ਦੀ ਸਬ-ਕਮੇਟੀ ਨੇ ਗੁੱਜਰਾਂ ਨਾਲ ਗੱਲਬਾਤ ਕੀਤੀ ਸੀ, ਪਰ ਇਸ ਦੇ ਬਾਵਜੂਦ ਵੀ ਭਾਈਚਾਰਾ ਰੇਲ ਪੱਟੜੀਆਂ ਜਾਮ ਕਰ ਰਿਹਾ ਹੈ। ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਵੀ ਬੰਦ ਕੀਤਾ ਗਿਆ ਹੈ। ਸਪੀਕਰ ਸੀਪੀ ਜੋਸ਼ੀ ਨੇ ਰਾਜ ਸਰਕਾਰ ਨੂੰ ਇਸ ਮਾਮਲੇ ਉਤੇ ਜਵਾਬ ਦੇਣ ਲਈ ਕਿਹਾ। ਸਿਹਤ ਮੰਤਰੀ ਰਘੂ ਸ਼ਰਮਾ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਹਮੇਸ਼ਾ ਤਿਆਰ ਹੈ ਤੇ ਇਸ ਰਾਹੀਂ ਸਾਰੇ ਮਸਲੇ ਸੁਲਝਾਏ ਜਾ ਸਕਦੇ ਹਨ। -ਪੀਟੀਆਈ
ਅੰਦੋਲਨ ਕਾਰਨ ਤਿੰਨ ਰੇਲਗੱਡੀਆਂ ਰੱਦ, 29 ਦਾ ਰਾਹ ਬਦਲਿਆ
ਗੁੱਜਰ ਅੰਦੋਲਨ ਕਾਰਨ ਰੇਲਵੇ ਨੇ ਤਿੰਨ ਰੇਲਗੱਡੀਆਂ ਰੱਦ ਕੀਤੀਆਂ ਤੇ 29 ਦਾ ਰਾਹ ਬਦਲਿਆ ਗਿਆ ਹੈ। ਰੇਲਵੇ ਨੂੰ ਕੋਟਾ-ਹਜ਼ਰਤ ਨਿਜ਼ਾਮੂਦੀਨ, ਦੇਹਰਾਦੂਨ-ਕੋਟਾ ਤੇ ਹਜ਼ਰਤ ਨਿਜ਼ਾਮੂਦੀਨ-ਕੋਟਾ ਗੱਡੀਆਂ ਰੱਦ ਕਰਨੀਆਂ ਪਈਆਂ।