ਜੈਪੁਰ, 19 ਅਕਤੂਬਰ
ਰਾਜਸਥਾਨ ਸਰਕਾਰ ਨੇ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਉਣ ਲਈ ਸਿਹਤ ਕਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ ਅਤੇ ਇਨ੍ਹਾਂ ਖੇਤਰਾਂ ਵਿੱਚ ਨੋਡਲ ਅਫਸਰ ਭੇਜਣ ਦਾ ਫ਼ੈਸਲਾ ਕੀਤਾ ਹੈ। ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਇੱਕ ਅਧਿਕਾਰਿਤ ਬਿਆਨ ਮੁਤਾਬਕ, ਸਿਹਤ ਮੰਤਰੀ ਰਘੂ ਸ਼ਰਮਾ ਨੇ ਅਧਿਕਾਰੀਆਂ ਨੂੰ ਡੇਂਗੂ ਅਤੇ ਹੋਰ ਮੌਸਮੀ ਬਿਮਾਰੀਆਂ ਨੂੰ ਰੋਕਣ ਲਈ 20 ਅਕਤੂਬਰ ਤੋਂ ਤਿੰਨ ਨਵੰਬਰ ਤੱਕ ‘ਡੇਂਗੂ ਮੁਕਤ ਰਾਜਸਥਾਨ’ ਮੁਹਿੰਮ ਚਲਾਉਣ ਦੇ ਨਿਰਦੇਸ਼ ਦਿੱਤੇ ਹਨ। ਮੁਹਿੰਮ ਤਹਿਤ, ਡੇਂਗੂ ਦੇ ਲਾਰਵੇ ਦਾ ਪਤਾ ਲਾਉਣ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਰੇ ਜ਼ਿਲ੍ਹਿਆਂ ਵਿੱਚ ਕੰਟਰੋਲ ਰੂਮ ਸਥਾਪਿਤ ਕੀਤੇ ਗਏ ਹਨ ਅਤੇ ਰੈਪਿਡ ਰਿਸਪਾਂਸ ਟੀਮਾਂ ਬਣਾਈਆਂ ਗਈਆਂ ਹਨ। ਸ਼ਰਮਾ ਨੇ ਸਿਹਤ ਵਿਭਾਗ ਦੇ ਸਾਰੇ ਚੀਫ਼ ਮੈਡੀਕਲ ਸਿਹਤ ਅਧਿਕਾਰੀਆਂ (ਸੀਐੱਮਐੱਚਓ), ਪ੍ਰਮੁੱਖ ਮੈਡੀਕਲ ਅਫਸਰਾਂ ਅਤੇ ਹੋਰ ਅਧਿਕਾਰੀਆਂ ਨਾਲ ਵਰਚੁਅਲੀ ਮੀਟਿੰਗ ਦੌਰਾਨ ਹੋਰ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ। ਮੈਡੀਕਲ ਅਤੇ ਸਿਹਤ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ, ‘‘ਮੰਗਲਵਾਰ ਤੋਂ ਸਿਹਤ ਕਰਮੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ। ਜਿਹੜੇ ਮੁਲਾਜ਼ਮ ਛੁੱਟੀ ’ਤੇ ਹਨ, ਉਨ੍ਹਾਂ ਨੂੰ ਵੀ ਵਾਪਸ ਬੁਲਾਇਆ ਜਾਵੇਗਾ। ਅਗਲੇ ਹੁਕਮਾਂ ਤੱਕ ਛੁੱਟੀਆਂ ਰੱਦ ਰਹਿਣਗੀਆਂ।’’ ਪੀਟੀਆਈ