ਜੈਪੁਰ, 21 ਨਵੰਬਰ
ਕਾਂਗਰਸ ਨੇ ਅੱਜ ਰਾਜਸਥਾਨ ਵਿਧਾਨ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਦਿੱਤਾ ਹੈ। ਇਸ ਵਿੱਚ ਉਨ੍ਹਾਂ ਨੇ ਜਾਤੀ ਸਰਵੇਖਣ, ਨੌਜਵਾਨਾਂ ਨੂੰ 10 ਲੱਖ ਨੌਕਰੀਆਂ, ਪੰਚਾਇਤ ਪੱਧਰ ’ਤੇ ਭਰਤੀ ਲਈ ਇਕ ਨਵੀਂ ਯੋਜਨਾ ਸਣੇ ਕਿਸਾਨਾਂ ਲਈ ਕਈ ਸਕੀਮਾਂ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਪੱਤਰ ’ਚ ਕਿਹਾ ਕਿ ਸਰਕਾਰ ਬਣਨ ’ਤੇ ਚਿਰੰਜੀਵੀ ਸਿਹਤ ਬੀਮਾ ਯੋਜਨਾ ਦੀ ਰਾਸ਼ੀ 25 ਲੱਖ ਤੋਂ ਵਧਾ ਕੇ 50 ਲੱਖ ਕੀਤੀ ਜਾਵੇਗੀ ਅਤੇ ਛੋਟੇ ਵਪਾਰੀਆਂ ਨੂੰ ਬਿਨਾਂ ਵਿਆਜ ਦੇ ਪੰਜ ਲੱਖ ਤੱਕ ਕਰਜ਼ਾ ਦਿੱਤਾ ਜਾਵੇਗਾ। ਪਾਰਟੀ ਨੇ ਜਾਤੀ ਜਨਗਣਨਾ ਤੋਂ ਬਾਅਦ ਘੱਟ ਗਿਣਤੀਆਂ ਨੂੰ ਉਨ੍ਹਾਂ ਦੀ ਆਬਾਦੀ ਦੇ ਆਧਾਰ ’ਤੇ ਰਾਖਵਾਂਕਰਨ ਦੇਣ ਦਾ ਵੀ ਵਾਅਦਾ ਕੀਤਾ। ਇੱਥੇ ਪਾਰਟੀ ਦਫ਼ਤਰ ਵਿੱਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਮੁੱਖ ਮੰਤਰੀ ਅਸ਼ੋਕ ਗਹਿਲੋਤ, ਪ੍ਰਦੇਸ਼ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਡੋਟਾਸਰਾ, ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ ਸੀਪੀ ਜੋਸ਼ੀ ਅਤੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਨੇ ਸਾਂਝੇ ਤੌਰ ’ਤੇ ਚੋਣ ਮਨੋਰਥ ਪੱਤਰ ਜਾਰੀ ਕੀਤਾ। ਜੋਸ਼ੀ ਨੇ ਮੈਨੀਫੈਸਟੋ ਦੇ ਮੁੱਖ ਨੁਕਤਿਆਂ ਨੂੰ ਉਜਾਗਰ ਕਰਦਿਆਂ ਕਿਹਾ ਕਿ ਕਾਂਗਰਸ ਸੂਬਾ ਅਤੇ ਕੇਂਦਰੀ ਸੇਵਾਵਾਂ ਵਾਂਗ ਪੰਚਾਇਤੀ ਰਾਜ ਦਾ ਕਾਡਰ ਬਣਾਉਣਾ ਚਾਹੁੰਦੀ ਹੈ ਤੇ ਇਸ ਲਈ ਪੰਚਾਇਤ ਪੱਧਰ ’ਤੇ ਭਰਤੀ ਲਈ ਨਵੀਂ ਨੀਤੀ ਲਿਆਂਦੀ ਜਾਵੇਗੀ। ਉਨ੍ਹਾਂ ਕਿਹਾ ਕਿ 10 ਲੱਖ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ ਵਿੱਚੋਂ ਚਾਰ ਲੱਖ ਸਰਕਾਰੀ ਖੇਤਰ ਵਿੱਚ ਹੋਣਗੇ। ਕਿਸਾਨਾਂ ਨੂੰ ਸਹਿਕਾਰੀ ਬੈਂਕਾਂ ਤੋਂ 2 ਲੱਖ ਰੁਪਏ ਤੱਕ ਦਾ ਵਿਆਜ ਰਹਿਤ ਕਰਜ਼ਾ ਦਿੱਤਾ ਜਾਵੇਗਾ ਤੇ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਘੱਟੋ-ਘੱਟ ਸਮਰਥਨ ਮੁੱਲ ਦਿੱਤਾ ਜਾਵੇਗਾ। -ਪੀਟੀਆਈ