ਜਗਤਾਰ ਸਮਾਲਸਰ
ਏਲਨਾਬਾਦ, 23 ਅਗਸਤ
ਹਨੂੰਮਾਨਗੜ੍ਹ ਜ਼ਿਲ੍ਹੇ ਦੇ ਤਹਿਸੀਲ ਸੰਗਰੀਆ ਦੇ ਪਿੰਡ ਕਿੱਕਰਵਾਲੀ ਨੇੜੇ ਖੇਤਾਂ ਵਿੱਚ ਅੱਜ ਭਾਰਤੀ ਹਵਾਈ ਫ਼ੌਜ ਦੇ ਹੈਲੀਕਾਪਟਰ ਨੇ ਤਕਨੀਕੀ ਖ਼ਰਾਬੀ ਕਾਰਨ ਐਮਰਜੰਸੀ ਲੈਂਡਿੰਗ ਕੀਤੀ ਗਈ। ਸਦਰ ਥਾਣਾ ਇੰਚਾਰਜ ਲਖਬੀਰ ਗਿੱਲ ਮੁਤਾਬਕ ਮੰਗਲਵਾਰ ਨੂੰ ਏਅਰਫੋਰਸ ਦੇ ਦੋ ਹੈਲੀਕਾਪਟਰਾਂ ਨੇ ਸੂਰਤਗੜ੍ਹ ਤੋਂ ਉਡਾਣ ਭਰੀ ਸੀ। ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਇਕ ਨੂੰ ਖੇਤਾਂ ‘ਚ ਉਤਰਨਾ ਪਿਆ। ਐੱਮਆਈ-35 ਹੈਲੀਕਾਪਟਰ ਵਿੱਚ ਪੰਜ ਫ਼ੌਜੀ ਸਵਾਰ ਸਨ। ਹੈਲੀਕਾਪਟਰ ਅਤੇ ਉਸ ਦਾ ਚਾਲਕ ਦਲ ਪੂਰੀ ਤਰ੍ਹਾਂ ਸੁਰੱਖਿਅਤ ਹਨ।
ਹੈਲੀਕਾਪਟਰ ਦੇ ਇੰਜਣ ‘ਚ ਖਰਾਬੀ ਆ ਗਈ ਹੈ। ਇੰਜਨੀਅਰ ਸੂਰਤਗੜ੍ਹ ਤੋਂ ਰਵਾਨਾ ਹੋ ਗਏ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਹੈਲੀਕਾਪਟਰ ਦੀ ਤਕਨੀਕੀ ਖ਼ਰਾਬੀ ਨੂੰ ਠੀਕ ਕੀਤਾ ਜਾਵੇਗਾ। ਮੌਕੇ ‘ਤੇ ਪਿੰਡ ਵਾਸੀਆਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ।