ਨਵੀਂ ਦਿੱਲੀ, 23 ਜੁਲਾਈ
ਰਾਜਸਥਾਨ ਵਿਧਾਨ ਸਭਾ ਦੇ ਸਪੀਕਰ ਸੀਪੀ ਜੋਸ਼ੀ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਨੂੰ ਦੱਸਿਆ ਕਿ ਰਾਜ ਦੀ ਹਾਈ ਕੋਰਟ ਨੂੰ 24 ਜੁਲਾਈ ਤੱਕ ਕਾਂਗਰਸ ਦੇ 19 ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦੇਣ ਸਬੰਧੀ ਕਾਰਵਾਈ ’ਤੇ ਰੋਕ ਦਾ ਕੋਈ ਅਧਿਕਾਰ ਨਹੀਂ ਹੈ। ਜਸਟਿਸ ਅਰੁਣ ਮਿਸ਼ਰਾ ਦੀ ਅਗਵਾਈ ਵਾਲੇ ਬੈਂਚ ਨੇ ਸ੍ਰੀ ਜੋਸ਼ੀ ਦੀ ਪਟੀਸ਼ਨ ‘ਤੇ ਸੁਣਵਾਈ ਸ਼ੁਰੂ ਕੀਤੀ। ਸ੍ਰੀ ਜੋਸ਼ੀ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਕਪਿਲ ਸਿੱਬਲ ਨੇ ਕਿਹਾ ਕਿ ਅਦਾਲਤ ਸਿਰਫ ਤਾਂ ਹੀ ਦਖਲ ਦੇ ਸਕਦੀ ਹੈ ਜੇ ਸਪੀਕਰ ਸਦਨ ਦੇ ਕਿਸੇ ਮੈਂਬਰ ਨੂੰ ਮੁਅੱਤਲ ਜਾਂ ਅਯੋਗ ਠਹਿਰਾਉਣ ਦਾ ਫੈਸਲਾ ਲੈਂਦਾ ਹੈ।