ਨਵੀਂ ਦਿੱਲੀ, 12 ਨਵੰਬਰ
ਰਾਜਸਥਾਨ ਦੀ ਗਹਿਲੋਤ ਸਰਕਾਰ ’ਚ ਚੱਲ ਰਹੀ ਖਿੱਚੋਤਾਣ ਦਰਮਿਆਨ ਕਾਂਗਰਸ ਆਗੂ ਸਚਿਨ ਪਾਇਲਟ ਨੇ ਅੱਜ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਮੰਨਿਆ ਜਾ ਰਿਹਾ ਹੈ ਕਿ ਛੇਤੀ ਹੀ ਕੈਬਨਿਟ ਦੇ ਨਾਲ ਨਾਲ ਰਾਜਸਥਾਨ ਦੀ ਕਾਂਗਰਸ ਇਕਾਈ ’ਚ ਵੀ ਫੇਰਬਦਲ ਕੀਤਾ ਜਾਵੇਗਾ। ਇਹ ਮੀਟਿੰਗ ਉਸ ਸਮੇਂ ਹੋਈ ਹੈ ਜਦੋਂ ਇਕ ਦਿਨ ਪਹਿਲਾਂ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਜਾਣਕਾਰੀ ਮੁਤਾਬਕ ਦੋਵੇਂ ਆਗੂਆਂ ਨੇ ਸੂਬੇ ਦੇ ਸਿਆਸੀ ਹਾਲਾਤ ਦੇ ਨਾਲ ਨਾਲ ਕੈਬਨਿਟ ’ਚ ਫੇਰਬਦਲ ਬਾਰੇ ਵੀ ਚਰਚਾ ਕੀਤੀ ਹੈ। ਸੋਨੀਆ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਇਲਟ ਨੇ ਕਿਹਾ,‘‘ਕਾਂਗਰਸ ਪਾਰਟੀ ਮੇਰੀ ਜੋ ਵੀ ਜ਼ਿੰਮੇਵਾਰੀ ਲਾਏਗੀ, ਮੈਂ ਉਸ ਨੂੰ ਖੁਸ਼ੀ-ਖੁਸ਼ੀ ਨਿਭਾਵਾਂਗਾ। ਪਿਛਲੇ 20 ਵਰ੍ਹਿਆਂ ਦੌਰਾਨ ਮੈਨੂੰ ਜੋ ਵੀ ਕੰਮ ਸੌਂਪਿਆ ਗਿਆ ਸੀ, ਉਸ ਨੂੰ ਮੈਂ ਪੂਰੀ ਤਨਦੇਹੀ ਨਾਲ ਨਿਭਾਇਆ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸ੍ਰੀਮਤੀ ਗਾਂਧੀ ਨੇ ਸਹੀ ਸਮੇਂ ’ਤੇ ਸਾਰੇ ਆਗੂਆਂ ਤੋਂ ਫੀਡਬੈਕ ਲਈ ਹੈ।’’ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਜੈ ਮਾਕਨ ਰਾਜਸਥਾਨ ਬਾਰੇ ਢੁੱਕਵਾਂ ਫ਼ੈਸਲਾ ਲੈਣਗੇ। ਸੂਤਰਾਂ ਮੁਤਾਬਕ ਕੈਬਨਿਟ ’ਚ ਥਾਂ ਦੇਣ ਲਈ ‘ਇਕ ਵਿਅਕਤੀ ਇਕ ਅਹੁਦਾ’ ਦੇ ਫਾਰਮੂਲੇ ਨੂੰ ਆਧਾਰ ਬਣਾਇਆ ਜਾ ਰਿਹਾ ਹੈ। ਪਾਇਲਟ ਲੰਬੇ ਸਮੇਂ ਤੋਂ ਕੈਬਨਿਟ ’ਚ ਵਿਸਥਾਰ ਦੀ ਮੰਗ ਕਰ ਰਹੇ ਸਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦੇ ਨੇੜਲੇ ਆਗੂਆਂ ਨੂੰ ਕੈਬਨਿਟ, ਬੋਰਡਾਂ ਅਤੇ ਕਾਰਪੋਰੇਸ਼ਨਾਂ ’ਚ ਥਾਂ ਮਿਲੇ। ਜ਼ਿਕਰਯੋਗ ਹੈ ਕਿ ਪਾਇਲਟ ਅਤੇ ਉਨ੍ਹਾਂ ਦੇ ਹਮਾਇਤੀ ਵਿਧਾਇਕਾਂ ਨੇ ਪਿਛਲੇ ਸਾਲ ਗਹਿਲੋਤ ਦੇ ਕੰਮਕਾਜ ਦੇ ਢੰਗ ’ਤੇ ਸਵਾਲ ਉਠਾਉਂਦਿਆਂ ਬਗ਼ਾਵਤ ਕਰ ਦਿੱਤੀ ਸੀ। ਇਸ ਮਗਰੋਂ ਪਾਇਲਟ ਨੂੰ ਪ੍ਰਦੇਸ਼ ਪ੍ਰਧਾਨ ਅਤੇ ਰਾਜਸਥਾਨ ਦੇ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ। -ਪੀਟੀਆਈ