ਜੈਪੁਰ, 2 ਅਕਤੂਬਰ
ਰਾਜਸਥਾਨ ਦੇ ਭਰਤਪੁਰ ਜ਼ਿਲ੍ਹੇ ਵਿੱਚ ਕੋਤਵਾਲੀ ਥਾਣੇ ਅਧੀਨ ਇਲਾਕੇ ਵਿੱਚ ਭਾਰਤੀ ਫੌਜ ਦੇ ਇੱਕ ਜਵਾਨ ਨੂੰ ਮੋਟਰਸਾਈਕਲ ਸਵਾਰ ਸ਼ਰਾਰਤੀ ਅਨਸਰਾਂ ਨੇ ਗੋਲੀ ਮਾਰ ਦਿੱਤੀ। ਹਮਲੇ ਵਿੱਚ ਜਵਾਨ ਜ਼ਖ਼ਮੀ ਹੋਇਆ ਹੈ। ਪੁਲੀਸ ਨੇ ਅੱਜ ਦੱਸਿਆ ਕਿ ਇਸ ਸਬੰਧ ਵਿੱਚ ਮੁਲਜ਼ਮ ਸ਼ੇਰਾ, ਅਨਿਲ ਗੁਰਜਰ ਅਤੇ ਹੋਰਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐੱਸਐੱਚਓ ਰਾਮਕ੍ਰਿਸ਼ਨ ਨੇ ਦੱਸਿਆ ਕਿ ਮੁਲਜ਼ਮਾਂ ਨੇ ਫੌਜੀ ਜਵਾਨ ਅਜੀਤ ’ਤੇ ਸ਼ਨਿਚਰਵਾਰ ਰਾਤ ਨੂੰ ਹਮਲਾ ਕੀਤਾ। ਜਦੋਂ ਅਜੀਤ ਉਕਤ ਇਲਾਕੇ ਵਿੱਚੋਂ ਲੰਘ ਰਿਹਾ ਸੀ ਤਾਂ ਮੁਲਜ਼ਮਾਂ ਨੇ ਉਸ ’ਤੇ ਗੋਲੀਆਂ ਚਲਾਈਆਂ। ਇੱਕ ਗੋਲੀ ਉਸ ਦੇ ਹੱਥ ਅਤੇ ਇੱਕ ਪੱਟ ਵਿੱਚ ਲੱਗੀ। ਉਨ੍ਹਾਂ ਨੇ ਦੱਸਿਆ ਕਿ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਉਥੋਂ ਸ਼ਰਾਬ ਦੀਆਂ 12 ਖਾਲੀ ਬੋਤਲਾਂ ਬਰਾਮਦ ਕੀਤੀਆਂ ਹਨ। ਐੱਸਐੱਚਓ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜ਼ਖ਼ਮੀ ਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। -ਪੀਟੀਆਈ