ਜੈਪੁਰ, 26 ਅਕਤੂਬਰ
ਰਾਜਸਥਾਨ ਦੇ 500 ਮਦਰੱਸਿਆਂ ਵਿੱਚ ਸਮਾਰਟ ਕਲਾਸ ਰੂਮ ਬਣਾਏ ਜਾਣਗੇ ਜਿੱਥੇ ਵਿਦਿਆਰਥੀਆਂ ਨੂੰ ਸਮਾਰਟ ਬੋਰਡਾਂ ਦੀ ਮਦਦ ਨਾਲ ਪੜ੍ਹਾਇਆ ਜਾਵੇਗਾ। ਇਸਲਾਮੀ ਮਦਰੱਸਿਆਂ ਨੂੰ ਆਧੁਨਿਕ ਤਕਨਾਲੋਜੀ ਨਾਲ ਜੋੜਿਆ ਜਾਵੇਗਾ। ਸਰਕਾਰੀ ਬਿਆਨ ਅਨੁਸਾਰ ਮਦਰੱਸਿਆਂ ਵਿੱਚ ਬਿਹਤਰ ਸਿੱਖਿਆ ਲਈ ਸਮਾਰਟ ਕਲਾਸ ਰੂਮ ਵਰਗੀਆਂ ਕਈ ਸਹੂਲਤਾਂ ਉਪਲਬਧ ਕਰਵਾਈਆਂ ਜਾਣਗੀਆਂ। ਵਿਦਿਆਰਥੀ ਹੁਣ ਬਲੈਕ ਬੋਰਡਾਂ ਦੀ ਥਾਂ ਸਮਾਰਟ ਬੋਰਡਾਂ ਰਾਹੀਂ ਸਿੱਖਿਆ ਪ੍ਰਾਪਤ ਕਰਨਗੇ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਲਈ 13.10 ਕਰੋੜ ਰੁਪਏ ਦੇ ਬਜਟ ਨੂੰ ਮਨਜ਼ੂਰੀ ਦਿੱਤੀ ਹੈ। ਸਮਾਰਟ ਕਲਾਸ ਰੂਮ ਸਥਾਪਤ ਕਰਨ ਲਈ ਹਰ ਪਾਠਸ਼ਾਲਾ ’ਤੇ 2.62 ਲੱਖ ਰੁਪਏ ਖਰਚੇ ਜਾਣਗੇ। ਸੂਬੇ ਵਿੱਚ 500 ਅਜਿਹੇ ਮਦਰੱਸੇ ਹਨ ਜਿੱਥੇ ਪਹਿਲੇ ਪੜਾਅ ਵਿੱਚ ਇਹ ਸਹੂਲਤ ਦਿੱਤੀ ਜਾਵੇਗੀ। ਗਹਿਲੋਤ ਨੇ 2022-23 ਦੇ ਬਜਟ ਵਿੱਚ ਪੜਾਅਵਾਰ ਤਰੀਕੇ ਨਾਲ ਸਮਾਰਟ ਕਲਾਸ ਰੂਮਾਂ ਨੂੰ ਇੰਟਰਨੈੱਟ ਸੁਵਿਧਾ ਮੁਹੱਈਆ ਕਰਾਉਣ ਦਾ ਐਲਾਨ ਕੀਤਾ ਸੀ।- ਪੀਟੀਆਈ