ਜੈਪੁਰ: ਰਾਜਸਥਾਨ ਵਿੱਚ ਅੱਜ ਵੱਖ-ਵੱਖ ਥਾਈਂ ਡੁੱਬਣ ਕਾਰਨ 12 ਜਣਿਆਂ ਦੀ ਮੌਤ ਹੋ ਗਈ ਜਿਨ੍ਹਾਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਪੁਲੀਸ ਨੇ ਦੱਸਿਆ ਕਿ ਪੰਜ ਬੱਚਿਆਂ ਦੀ ਮੌਤ ਸ੍ਰੀਗੰਗਾਨਗਰ ਜ਼ਿਲ੍ਹੇ ਦੇ ਕਸਬੇ ਰਾਮਸਿੰਘਪੁਰਾ ਦੇ ਪਿੰਡ ਉਦਾਸਰ ਵਿੱਚ ਖੇਤ ਵਿੱਚ ਬਣੇ ਚੁਬੱਚੇ ਵਿੱਚ ਨਹਾਉਂਦੇ ਸਮੇਂ ਡੁੱਬਣ ਕਾਰਨ ਹੋਈ। ਇਸ ਤੋਂ ਇਲਾਵਾ ਝੁੰਝਨੂੰ ਜ਼ਿਲ੍ਹੇ ਵਿੱਚ ਤਿੰਨ, ਭੀਲਵਾੜਾ ਤੇ ਜੋਧਪੁਰ ਜ਼ਿਲ੍ਹਿਆਂ ਵਿੱਚ ਦੋ-ਦੋ ਜਣਿਆਂ ਦੀ ਕ੍ਰਮਵਾਰ ਕੋਟ ਡੈਮ, ਨਦੀ ਅਤੇ ਤਲਾਬ ਵਿੱਚ ਡੁੱਬਣ ਕਾਰਨ ਮੌਤ ਹੋਈ ਹੈ। ਭੀਲਵਾੜਾ ਜ਼ਿਲ੍ਹੇ ਦੇ ਅਸਿੰਦ ਥਾਣਾ ਇਲਾਕੇ ਵਿੱਚ ਡੁੱਬਣ ਕਾਰਨ ਮਰੇ ਦੋਨੋਂ ਨਾਬਾਲਗ ਭਰਾ ਸਨ। -ਪੀਟੀਆਈ