ਮੁੰਬਈ: ਇਥੋਂ ਦੀ ਮੈਜਿਸਟਰੇਟ ਕੋਰਟ ਨੇ ਕਾਰੋਬਾਰੀ ਰਾਜ ਕੁੰਦਰਾ ਨੂੰ ਅਸ਼ਲੀਲ ਫ਼ਿਲਮਾਂ ਦੇ ਕੇਸ ਵਿੱਚ ਅੱਜ ਜ਼ਮਾਨਤ ਦੇ ਦਿੱਤੀ ਹੈ। ਦੋ ਮਹੀਨੇ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਕੁੰਦਰਾ ਨੂੰ ਇਸ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਦੇ ਨਾਲ ਹੀ ਕੋਰਟ ਨੇ ਕੁੰਦਰਾ ਦੇ ਸਹਾਇਕ ਰਾਇਨ ਥੋਰਪੇ ਦੀ ਵੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਥੋਰਪੇ ਨੂੰ ਵੀ ਕੁੰਦਰਾ ਦੇ ਨਾਲ ਹੀ ਜੁਲਾਈ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਕੁੰਦਰਾ(46) ਨੇ ਕੋਰਟ ਵਿੱਚ ਦਾਖ਼ਲ ਜ਼ਮਾਨਤ ਅਰਜ਼ੀ ਵਿੱਚ ਦਾਅਵਾ ਕੀਤਾ ਸੀ ਕਿ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਪੁਲੀਸ ਵੱਲੋਂ ਇਸ ਕੇਸ ਵਿੱਚ ਦਾਖ਼ਲ ਸਪਲੀਮੈਂਟਰੀ ਚਾਰਜਸ਼ੀਟ ਵਿੱਚ ਉਸ ਖ਼ਿਲਾਫ਼ ਇਕ ਵੀ ਸਬੂਤ ਨਹੀਂ ਹੈ। ਕਾਰੋਬਾਰੀ ਨੇ ਦਾਅਵਾ ਕੀਤਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਵਿੱਚ ਉਸ ਦੀ ‘ਸਰਗਰਮ’ ਸ਼ਮੂਲੀਅਤ ਨੂੰ ਸਾਬਤ ਕਰਦਾ ਹੋਵੇ। ਕੁੰਦਰਾ ਨੇ ਕਿਹਾ ਕਿ ਉਸ ਨੂੰ ਇਸ ਕੇਸ ਵਿੱਚ ‘ਬਲੀ ਦਾ ਬੱਕਰਾ’ ਬਣਾਇਆ ਗਿਆ ਹੈ। ਕੇਸ ਦੀ ਜਾਂਚ ਕਰ ਰਹੀ ਅਪਰਾਧ ਸ਼ਾਖ਼ਾ ਨੇ ਅਜੇ ਪਿੱਛੇ ਜਿਹੇ ਕੁੰਦਰਾ ਤੇ ਤਿੰਨ ਹੋਰਨਾਂ ਖ਼ਿਲਾਫ਼ ਕਥਿਤ ਅਸ਼ਲੀਲ ਫ਼ਿਲਮਾਂ ਦੇ ਨਿਰਮਾਣ ਤੇ ਇਨ੍ਹਾਂ ਨੂੰ ਕੁਝ ਐਪਜ਼ ਜ਼ਰੀਏ ਜਾਰੀ ਕਰਨ ਦੇ ਦੋਸ਼ ਵਿੱਚ ਸਪਲੀਮੈਂਟਰੀ ਚਾਰਜਸ਼ੀਟ ਪੇਸ਼ ਕੀਤੀ ਸੀ। ਬੌਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਦੇ ਪਤੀ ਕੁੰਦਰਾ ਨੂੰ ਉਸ ਖ਼ਿਲਾਫ਼ ਆਈਪੀਸੀ ਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਨ ਮਗਰੋਂ 19 ਜੁਲਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। -ਪੀਟੀਆਈ