ਨਵੀਂ ਦਿੱਲੀ, 2 ਫਰਵਰੀ
ਰਾਜ ਸਭਾ ਮੈਂਬਰਾਂ ਨੇ ਸਰਕਾਰ ਨੂੰ ਰੇਲਵੇ ਦੀ ‘ਐੱਨਟੀਪੀਸੀ ਅਤੇ ਲੈਵਲ 1 ਦੀ ਪ੍ਰੀਖਿਆਵਾਂ ’ਚ ਖਾਮੀਆਂ ਦੇ ਦੋਸ਼ਾਂ ਦੀ ਜਾਂਚ ਦੀ ਮੰਗ ਕੀਤੀ ਹੈ। ਸਿਫ਼ਰ ਕਾਲ ਦੌਰਾਨ ਸਦਨ ਵਿੱਚ ਇਹ ਮੁੱਦਾ ਚੁੱਕਦਿਆਂ ਐੱਨਸੀਪੀ ਦੀ ਫੌਜ਼ੀਆ ਖਾਨ ਨੇ ਕਿਹਾ ਕਿ ਰੇਲਵੇ ਪ੍ਰੀਖਿਆ ਦੀ ਭਰਤੀ ਦੀ ਪ੍ਰਕਿਰਿਆ ਨੇ ਬੇਰੁਜ਼ਗਾਰੀ ਤੇ ਫੇਲ੍ਹ ਹੋ ਚੁੱਕੀ ਸਿੱਖਿਆ ਪ੍ਰਣਾਲੀ ਦੇ ਗੰਭੀਰ ਮੁੱਦਿਆਂ ਤੋਂ ਪਰਦਾ ਚੁੱਕਿਆ ਹੈ। ਰੇਲਵੇ ਭਰਤੀ ਬੋਰਡ ਦੀ ਐੱਨਟੀਪੀਸੀ ਪ੍ਰੀਖਿਆ ਦੇ ਕਥਿਤ ਗੜਬੜੀ ਵਾਲੇ ਨਤੀਜਿਆਂ ਖ਼ਿਲਾਫ਼ ਉਮੀਦਵਾਰਾਂ ਨੇ ਬਿਹਾਰ ਤੇ ਯੂਪੀ ਵਿੱਚ ਰੋਸ ਮੁਜ਼ਾਹਰੇ ਕੀਤੇ ਸਨ। ਉਨ੍ਹਾਂ ਮੰਗ ਕੀਤੀ ਕਿ ਸਮੁੱਚੇ ਤੌਰ ’ਤੇ ਅਤੇ ਖ਼ਾਸ ਕਰਕੇ ਬਿਹਾਰ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਦਾ ਹੱਲ ਕੱਢਿਆ ਜਾਵੇ। ਭਾਜਪਾ ਦੇ ਸੁਸ਼ੀਲ ਕੁਮਾਰ ਮੋਦੀ ਨੇ ਦੱਸਿਆ ਕਿ ਪਹਿਲਾਂ ਗਰੁੱਪ ਡੀ ਲਈ ਸਿਰਫ਼ ਇੱਕ ਪ੍ਰੀਖਿਆ ਦਾ ਐਲਾਨ ਹੋਇਆ ਸੀ, ਪਰ ਬਾਅਦ ’ਚ ਅਚਾਨਕ ਦੋ ਪ੍ਰੀਖਿਆਵਾਂ ਬਾਰੇ ਐਲਾਨ ਕਰ ਦਿੱਤਾ ਗਿਆ। -ਪੀਟੀਆਈ