ਨਵੀਂ ਦਿੱਲੀ, 12 ਜੁਲਾਈ
ਮਹਾਰਾਸ਼ਟਰ ਤੇ ਗੁਜਰਾਤ ਵਿੱਚ ਮੀਂਹ ਨਾਲ ਜੁੜੀਆਂ ਘਟਨਾਵਾਂ ਵਿੱਚ ਘੱਟੋ-ਘੱਟ 9 ਵਿਅਕਤੀਆਂ ਦੀ ਮੌਤ ਹੋ ਗਈ। ਦੋਵਾਂ ਰਾਜਾਂ ਵਿੱਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਮੋਹਲੇਧਾਰ ਮੀਂਹ ਮਗਰੋਂ ਹਜ਼ਾਰਾਂ ਲੋਕਾਂ ਨੂੰ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕੀਤਾ ਗਿਆ ਹੈ ਜਦੋਂਕਿ ਬਹੁਗਿਣਤੀ ਲੋਕ ਘਰਾਂ ਵਿੱਚ ਹੀ ਤੜੇ ਰਹਿਣ ਲਈ ਮਜਬੂਰ ਹਨ।
ਮੁੰਬਈ ਤੇ ਨੀਮ ਸ਼ਹਿਰੀ ਇਲਾਕਿਆਂ ਵਿੱਚ ਭਾਰੀ ਮੀਂਹ ਨਾਲ ਤੇਜ਼ ਹਵਾਵਾਂ ਵੀ ਚੱਲੀਆਂ। ਸ਼ਹਿਰ ਦੇ ਕਈ ਹਿੱਸਿਆਂ ਵਿੱਚ ਕੁਝ ਹੀ ਘੰਟਿਆਂ ਵਿੱਚ ਪਾਣੀ ਭਰ ਗਿਆ ਤੇ ਕਈ ਥਾਈਂ ਸੜਕੀਂ ਆਵਾਜਾਈ ਵਿੱਚ ਵਿਘਨ ਪਿਆ। ਰਾਜਸਥਾਨ ਦੇ ਪੱਛਮੀ ਹਿੱਸੇ ਵਿੱਚ ਇੱਕਾ-ਦੁੱਕਾ ਥਾਵਾਂ ’ਤੇ ਮੋਹਲੇਧਾਰ ਮੀਂਹ ਪਿਆ ਜਦੋਂਕਿ ਰਾਜ ਦੇ ਹੋਰਨਾਂ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨ ਮੀਂਹ ਪਿਆ। ਮਾਊਂਟ ਆਬੂ ਤੇ ਪ੍ਰਤਾਪਗੜ੍ਹ ਵਿੱਚ ਵੱਧ ਤੋਂ ਵੱਧ 8 ਸੈਂਟੀਮੀਟਰ ਮੀਂਹ ਪਿਆ। ਦਿੱਲੀ ਵਿੱਚ ਪਏ ਮੀਂਹ ਕਰਕੇ ਪਾਰਾ ਕਈ ਦਰਜੇ ਹੇਠਾਂ ਆ ਗਿਆ, ਪਰ ਕਈ ਹਿੱਸਿਆਂ ਵਿੱਚ ਪਾਣੀ ਭਰਨ ਕਰਕੇ ਟਰੈਫਿਕ ਅਸਰਅੰਦਾਜ਼ ਹੋਇਆ। ਭਾਰਤੀ ਮੌਸਮ ਵਿਭਾਗ ਮੁਤਾਬਕ ਦਿੱਲੀ ਵਿੱਚ ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਤੱਕ ਪਿਛਲੇ 24 ਘੰਟਿਆਂ ਵਿੱਚ 2 ਮਿਲੀਮੀਟਰ ਮੀਂਹ ਪਿਆ। ਗੁਜਰਾਤ ਦੇ ਕਈ ਹਿੱਸਿਆਂ ਵਿੱਚ ਅੱਜ ਵੀ ਭਾਰੀ ਮੀਂਹ ਪਿਆ ਤੇ ਪਿਛਲੇ 24 ਘੰਟਿਆਂ ਦੌਰਾਨ ਮੀਂਹ ਨਾਲ ਜੁੜੇ ਹਾਦਸਿਆਂ ਵਿੱਚ 6 ਵਿਅਕਤੀਆਂ ਦੀ ਮੌਤ ਹੋ ਗਈ। ਇਕ ਜੂਨ ਤੋਂ ਹੁੁਣ ਤੱਕ ਇਥੇ 69 ਮੌਤਾਂ ਹੋ ਚੁੱਕੀਆਂ ਹਨ। ਸੂਬੇ ਦੇ ਆਫ਼ਤ ਪ੍ਰਬੰਧਨ ਮੰਤਰੀ ਰਾਜੇਂਦਰ ਤ੍ਰਿਵੇਦੀ ਨੇ ਕਿਹਾ ਕਿ ਹੁਣ ਤੱਕ 27,896 ਵਿਅਕਤੀਆਂ ਨੂੰ ਹੜ੍ਹ ਮਾਰੇ ਖੇਤਰਾਂ ’ਚੋਂ ਸੁਰੱਖਿਅਤ ਟਿਕਾਣਿਆਂ ’ਤੇ ਤਬਦੀਲ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਵਲਸਾਡ, ਨਵਸਾਰੀ, ਸੂਰਤ, ਤਾਪੀ, ਡਾਂਗ, ਨਰਮਦਾ, ਛੋਟਾ ਉਦੈਪੁਰ ਜ਼ਿਲ੍ਹਿਆਂ, ਕੱਛ, ਰਾਜਕੋਟ, ਜਾਮਨਗਰ, ਦੇਵਭੂਮੀ ਦਵਾਰਕਾ ਤੇ ਮੋਰਬੀ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਇਸ ਦੌਰਾਨ ਮਹਾਰਾਸ਼ਟਰ ਵਿੱਚ 24 ਘੰਟਿਆਂ ਦੌਰਾਨ ਤਿੰਟ ਵਿਅਕਤੀਆਂ ਦੀ ਮੌਤ ਹੋ ਗਈ ਤੇ 95 ਲੋਕਾਂ ਨੂੰ ਸੁਰੱਖਿਆ ਥਾਵਾਂ ’ਤੇ ਲਿਜਾਇਆ ਗਿਆ ਹੈ। -ਪੀਟੀਆਈ