ਚੰਡੀਗੜ੍ਹ/ਦਿੱਲੀ/ਸ੍ਰੀਨਗਰ, 4 ਫਰਵਰੀ
ਪੰਜਾਬ ਤੇ ਹਰਿਆਣਾ ’ਚ ਅੱਜ ਕਈ ਥਾਵਾਂ ’ਤੇ ਮੀਂਹ ਪੈਣ ਕਾਰਨ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਗਿਆਨ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਦੋਵਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ’ਚ ਮੀਂਹ ਪਿਆ ਹੈ। ਇਸ ਤੋਂ ਇਲਾਵਾ ਮੁਹਾਲੀ, ਲੁਧਿਆਣਾ, ਪੰਚਕੂਲਾ, ਅੰਬਾਲਾ ਤੇ ਯਮੁਨਾਨਗਰ ’ਚ ਵੀ ਮੀਂਹ ਪਿਆ ਹੈ। ਪਿਛਲੇ ਕੁਝ ਦਿਨਾਂ ’ਚ ਦੋਵਾਂ ਸੂਬਿਆਂ ’ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਦਿੱਲੀ ’ਚ ਪੱਛਮੀ ਗੜਬੜੀ ਕਾਰਨ ਅੱਜ ਸਵੇਰੇ ਹਲਕਾ ਮੀਂਹ ਪਿਆ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਆਸਮਾਨ ’ਚ ਬੱਦਲ ਛਾਏ ਰਹਿਣ ਕਾਰਨ ਸ਼ਹਿਰ ’ਚ ਘੱਟੋ ਘੱਟ ਤਾਪਮਾਨ ਵਧਿਆ ਹੈ। ਰਾਜਧਾਨੀ ਦਾ ਘੱਟੋ ਘੱਟ ਤਾਪਮਾਨ 12.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਚਾਰ ਡਿਗਰੀ ਸੈਲਸੀਅਸ ਵੱਧ ਹੈ। ਉੱਧਰ ਸ੍ਰੀਨਗਰ ’ਚ ਇੱਕ ਮਹੀਨੇ ਮਗਰੋਂ ਪਹਿਲੀ ਵਾਰ ਤਾਪਮਾਨ ਜਮਾਊ ਦਰਜੇ ਤੋਂ ਥੋੜ੍ਹਾ ਉੱਪਰ ਹੋਣ ਕਾਰਨ ਲੋਕਾਂ ਨੂੰ ਠੰਢ ਤੋਂ ਕੁਝ ਰਾਹਤ ਮਿਲੀ ਹੈ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 0.4 ਡਿਗਰੀ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਕਾਜ਼ੀਗੁੰਡ ’ਚ 0.8 ਡਿਗਰੀ, ਪਹਿਲਗਾਮ ’ਚ ਮਨਫੀ 3.3 ਡਿਗਰੀ, ਗੁਲਮਰਗ ’ਚ ਮਨਫੀ 6.4 ਡਿਗਰੀ, ਕੁਪਵਾੜਾ ’ਚ ਮਨਫੀ 0.6, ਕੋਕਰਨਾਗ ’ਚ ਮਨਫੀ 5.1 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਇਸੇ ਤਰ੍ਹਾਂ ਕਸ਼ਮੀਰ ਦੇ ਬਹੁਤੇ ਇਲਾਕਿਆਂ ’ਚ ਤਾਜ਼ਾ ਬਰਫ਼ਬਾਰੀ ਵੀ ਹੋਈ ਹੈ। -ਪੀਟੀਆਈ
ਸ਼ਿਮਲਾ ’ਚ ਸਾਲ ਦੀ ਪਹਿਲੀ ਬਰਫ਼ਬਾਰੀ
ਸ਼ਿਮਲਾ: ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ’ਚ ਅੱਜ ਸਵੇਰੇ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਹੋਈ। ਅੱਜ ਸਵੇਰੇ ਸ਼ਿਮਲਾ, ਕੁਫਰੀ, ਕੇਲਾਂਗ, ਕਲਪਾ ਤੇ ਸੂਬੇ ਦੇ ਉਚਾਈ ਵਾਲੇ ਕਈ ਇਲਾਕਿਆਂ ’ਚ ਬਰਫ਼ਬਾਰੀ ਹੋਈ। ਮੌਮਸ ਵਿਭਾਗ ਨੇ ਦਰਮਿਆਨੇ ਤੇ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ਬਾਰੀ ਦੀ ਪੇਸ਼ੀਨਗੋਈ ਕਰਦਿਆਂ ਅੱਜ ਲਈ ਹਨੇਰੀ ਤੇ ਮੀਂਹ ਦੀ ਗੱਲ ਕਹੀ ਸੀ। ਮੌਸਮ ਵਿਭਾਗ ਨੇ ਖਰਾਬ ਮੌਸਮ ਬਾਰੇ ਲੋਕਾਂ ਨੂੰ ਚੌਕਸ ਕਰਨ ਲਈ ‘ਯੈਲੋ ਅਲਰਟ’ ਜਾਰੀ ਕੀਤਾ ਹੈ। -ਪੀਟੀਆਈ
ਕਸ਼ਮੀਰ ਵਿੱਚ ਹਵਾਈ ਅਵਾਜਾਈ ਠੱਪ
ਸ੍ਰੀਨਗਰ: ਸ੍ਰੀਨਗਰ ਤੋਂ ਏਅਰਪੋਰਟ ਅਧਿਕਾਰੀ ਨੇ ਅੱਜ ਜਾਣਕਾਰੀ ਦਿੱਤੀ ਕਿ ਸਾਰੀ ਰਾਤ ਭਾਰੀ ਬਰਫ਼ਬਾਰੀ ਪੈਣ ਕਰਕੇ ਲਗਾਤਾਰ ਦੂਜੇ ਦਿਨ ਉਡਾਣਾਂ ਠੱਪ ਰਹੀਆਂ ’ਤੇ ਮੌਸਮ ਖਰਾਬ ਹੋਣ ਕਰਕੇ ਬੀਤੇ ਬੁੱਧਵਾਰ ਨੂੰ ਤਕਰੀਬਨ 14 ਉਡਣਾਂ ਰੱਦ ਕਰ ਦਿੱਤਿਆ ਗਇਆ ਸਨ। -ਪੀਟੀਆਈ