ਸ੍ਰੀਨਗਰ, 30 ਜਨਵਰੀ
ਮੌਸਮ ਵਿਭਾਗ ਅਨੁਸਾਰ ਕਸ਼ਮੀਰ ਵਿਚ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ ਘਟ ਗਿਆ ਹੈ ਕਈ ਥਾਈਂ ਪਾਰਾ ਸਿਫ਼ਰ ਤੋਂ ਹੇਠਾਂ ਚਲਾ ਗਿਆ ਹੈ। ਸੋਮਵਾਰ ਨੂੰ ਇੱਥੇ ਮੀਂਹ ਪੈਣ ਅਤੇ ਬਰਫਵਾਰੀ ਹੋਣ ਦੀ ਸੰਭਾਵਨਾ ਹੈ। ਵਾਦੀ ਵਿਚ ਕਈ ਦਿਨ ਮੌਸਮ ਠੀਕ ਰਹਿਣ ਮਗਰੋਂ ਸ਼ਨਿੱਚਰਵਾਰ ਦੀ ਰਾਤ ਨੂੰ ਜ਼ਿਆਦਾਤਰ ਥਾਵਾਂ ’ਤੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ।
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਕਸ਼ਮੀਰ ਦੀ ਗਰਮੀਆਂ ਦੀ ਰਾਜਧਾਨੀ ਸ੍ਰੀਨਗਰ ਵਿਚ ਘੱਟੋ-ਘੱਟ ਤਾਪਮਾਨ ਮਨਫ਼ੀ 2.3 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਤੋਂ ਇੱਕ ਡਿਗਰੀ ਸੈਲਸੀਅਸ ਹੇਠਾਂ ਸੀ। ਉੱਤਰੀ ਕਸ਼ਮੀਰ ਦੇ ਗੁਲਮਰਗ ਦੇ ਮਸ਼ਹੂਰ ਸਕੀ-ਰਿਜ਼ੌਰਟ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ 7.4 ਡਿਗਰੀ ਦਰਜ ਕੀਤਾ ਗਿਆ, ਜੋ ਪਿਛਲੀ ਰਾਤ ਦੇ ਮਨਫ਼ੀ 7.5 ਤੋਂ ਥੋੜ੍ਹਾ ਜ਼ਿਆਦਾ ਸੀ। ਦੱਖਣੀ ਕਸ਼ਮੀਰ ਦੇ ਪਹਿਲਗਾਮ ਸੈਰ-ਸਪਾਟਾ ਸਥਾਨ ਦਾ ਤਾਪਮਾਨ ਮਨਫ਼ੀ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਇਹ ਪਿਛਲੀ ਰਾਤ ਨਾਲੋਂ 2.8 ਡਿਗਰੀ ਸੈਲਸੀਅਸ ਘੱਟ ਸੀ। ਅਧਿਕਾਰੀ ਨੇ ਦੱਸਿਆ ਕਿ ਕਾਜ਼ੀਗੁੰਡ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 3.2 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਨੇੜਲੇ ਦੱਖਣੀ ਕਸ਼ਮੀਰ ਦੇ ਸ਼ਹਿਰ ਕੋਕਰਨਾਗ ਵਿੱਚ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 2.8 ਡਿਗਰੀ ਸੈਲਸੀਅਸ ਹੇਠ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਸੋਮਵਾਰ ਨੂੰ ਕਿਤੇ-ਕਿਤੇ ਬਰਫਬਾਰੀ ਜਾਂ ਮੀਂਹ ਪੈਣ ਦੀ ਵੀ ਸੰਭਾਵਨਾ ਹੈ। ਇਸ ਤੋਂ ਬਾਅਦ 2 ਤੋਂ 4 ਫਰਵਰੀ ਤੱਕ ਵੀ ਮੀਂਹ ਪੈਣ ਦੀ ਸੰਭਾਵਨਾ ਹੈ। ਕਸ਼ਮੀਰ ਇਸ ਸਮੇਂ ‘ਚਿੱਲੇ ਕਲਾਂ’ ਵਜੋਂ ਜਾਣੇ ਜਾਂਦੇ 40 ਦਿਨਾਂ ਦੀ ਸਭ ਤੋਂ ਸਖ਼ਤ ਠੰਢ ਸਰਦੀ ਦੇ ਦੌਰ ਵਿਚ ਹੈ ਜੋ ਪਿਛਲੇ ਸਾਲ 21 ਦਸੰਬਰ ਨੂੰ ਸ਼ੁਰੂ ਹੋਇਆ ਸੀ। -ਪੀਟੀਆਈ