ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਤੇ ਐੱਨਸੀਆਰ ਵਿੱਚ ਅੱਜ ਰਾਤ ਨੂੰ ਪਏ ਮੀਂਹ ਨੇ ਟਿਕਰੀ ਤੇ ਗਾਜ਼ੀਪੁਰ ਦੇ ਮੋਰਚਿਆਂ ਉਪਰ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨਿਆਂ ਡਟੇ ਕਿਸਾਨਾਂ ਨੂੰ ਪ੍ਰੇਸ਼ਾਨ ਕੀਤਾ। ਰਾਤ 9 ਵਜੇ ਦੇ ਕਰੀਬ ਮੀਂਹ ਪੈਣ ਲੱਗਾ ਜਿਸ ਕਰਕੇ ਕਿਸਾਨਾਂ ਨੇ ਆਰਜ਼ੀ ਪ੍ਰਬੰਧਾਂ ਨਾਲ ਗੁਜ਼ਾਰਾ ਕੀਤਾ। ਟਿਕਰੀ ਦੀਆਂ ਸੜਕਾਂ ਉਪਰ ਕੁਝ ਥਾਵਾਂ ਉਪਰ ਮੀਂਹ ਕਾਰਨ ਚਿੱਕੜ ਹੋ ਗਿਆ। ਗਾਜ਼ੀਪੁਰ ਵਿੱਚ ਜਿੱਥੇ ਮੋਰਚਾ ਲੱਗਾ ਹੋਇਆ ਹੈ, ਉੱਥੇ ਪੱਕੀ ਸੜਕ ਉੱਚੀ ਥਾਂ ਉਪਰ ਹੈ ਜਿਸ ਕਰਕੇ ਚਿੱਕੜ ਤਾਂ ਨਹੀਂ ਹੋਇਆ, ਪਰ ਅਵਿਵਸਥਾ ਜ਼ਰੂਰ ਫੈਲ ਗਈ। ਲੰਗਰ ਬਣਾਉਣ ਵਾਲਿਆਂ ਨੂੰ ਆਪਣਾ ਸਮਾਨ ਸਮੇਟਣਾ ਪਿਆ। ਹਾਲਾਂ ਕਿ ਕਿਸਾਨਾਂ ਨੇ ਕਿਹਾ ਕਿ ਇਸ ਨਾਲ ਅਗਲੇ ਦਿਨਾਂ ਦੌਰਾਨ ਗਰਮੀ ਤੋਂ ਕੁਝ ਰਾਹਤ ਮਿਲੇਗੀ, ਜੋ ਦਿਨੋਂ-ਦਿਨ ਵਧ ਰਹੀ ਹੈ। ਉਨ੍ਹਾਂ ਨੂੰ ਡਰ ਹੈ ਕਿ ਇਸ ਮੀਂਹ ਨਾਲ ਆਸ-ਪਾਸ ਖੜ੍ਹਨ ਵਾਲੇ ਮੀਂਹ ਦੇ ਪਾਣੀ ਤੋਂ ਮੱਛਰਾਂ ਦਾ ਲਾਰਵਾ ਵਧੇਗਾ। ਸਿੰਘੂ ਵਿਖੇ ਸ਼ਾਮ ਨੂੰ ਤੇਜ਼ ਹਨੇਰੀ ਆਈ ਪਰ ਕਿਸਾਨਾਂ ਦੇ ਤੰਬੂਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ।