ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ : The Tribune India

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ’ਚ ਹੋਇਆ; 29 ਨੂੰ ਮੁੜ ਵਿਗੜ ਸਕਦੈ ਮੌਸਮ

ਮੀਂਹ ਤੇ ਗੜੇਮਾਰੀ ਨੇ ਲੱਖਾਂ ਹੈਕਟੇਅਰ ਫ਼ਸਲ ਝੰਬੀ

ਜਲੰਧਰ ਨੇੜਲੇ ਇੱਕ ਪਿੰਡ ’ਚ ਸ਼ਨਿਚਰਵਾਰ ਨੂੰ ਭਾਰੀ ਮੀਂਹ ਤੇ ਹਨੇਰੀ ਕਾਰਨ ਨੁਕਸਾਨੀ ਕਣਕ ਦੀ ਫਸਲ ਦੇਖ ਕੇ ਝੂਰਦੇ ਹੋਏ ਕਿਸਾਨ। -ਫੋਟੋ: ਮਲਕੀਅਤ ਸਿੰਘ

ਆਤਿਸ਼ ਗੁਪਤਾ

ਚੰਡੀਗੜ੍ਹ, 25 ਮਾਰਚ

ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਬੇਮੌਸਮੇ ਮੀਂਹ ਤੋਂ ਬਾਅਦ ਸ਼ੁੱਕਰਵਾਰ ਪਏ ਤੇਜ਼ ਮੀਂਹ ਤੇ ਕਿਤੇ-ਕਿਤੇ ਪਏ ਗੜਿਆਂ ਨੇ ਕਣਕ ਸਣੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਵਿਛਾ ਦਿੱਤੀਆਂ ਹਨ। ਸ਼ੁੱਕਰਵਾਰ ਪਏ ਤੇਜ਼ ਮੀਂਹ, ਗੜੇਮਾਰੀ ਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ ਕਾਰਨ ਸੂਬੇ ਭਰ ਵਿੱਚ 14 ਲੱਖ ਹੈਕਟੇਅਰ ਦੇ ਕਰੀਬ ਫ਼ਸਲ ਪ੍ਰਭਾਵਿਤ ਹੋਈ ਹੈ। ਮੌਸਮ ਵਿਗਿਆਨੀਆਂ ਅਨੁਸਾਰ 29 ਮਾਰਚ ਨੂੰ ਮੁੜ ਪੱਛਮੀ ਵਿਗਾੜ ਦੇ ਮੱਦੇਨਜ਼ਰ ਉੱਤਰ-ਪੱਛਮੀ ਖੇਤਰ ਵਿੱਚ ਮੀਂਹ ਪੈ ਸਕਦਾ ਹੈ। ਇਸ ਵਿੱਚ ਸਭ ਤੋਂ ਵੱਧ ਨੁਕਸਾਨ ਫਾਜ਼ਿਲਕਾ ਵਿੱਚ ਹੋਇਆ ਹੈ, ਜਿੱਥੇ ਸ਼ੁੱਕਰਵਾਰ ਆਏ ਝੱਖੜ ਨੇ ਕਾਫ਼ੀ ਫ਼ਸਲ ਦਾ ਨੁਕਸਾਨ ਕੀਤਾ ਹੈ। ਨੁਕਸਾਨੀ ਗਈਆਂ ਫ਼ਸਲਾਂ ਦੀ ਗਿਰਦਾਵਰੀ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਅਸਲ ਰਿਪੋਰਟ ਸਾਹਮਣੇ ਆਵੇਗੀ। ਪੰਜਾਬ ਖੇਤੀਬਾੜੀ ਵਿਭਾਗ ਅਨੁਸਾਰ ਫਾਜ਼ਿਲਕਾ ਤੇ ਸਰਹੱਦੀ ਖੇਤਰ ’ਚ ਆਏ ਤੂਫ਼ਾਨ ਕਰ ਕੇ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ। ਇਸ ਖੇਤਰ ਵਿੱਚ ਕਈ ਥਾਵਾਂ ’ਤੇ ਕਿਸਾਨਾਂ ਦੀ 100 ਫ਼ੀਸਦੀ ਫਸਲ ਖ਼ਰਾਬ ਹੋ ਗਈ ਹੈ, ਜਦੋਂ ਕਿ ਜ਼ਿਆਦਾਤਰ ਕਿਸਾਨਾਂ ਦੀ 40 ਤੋਂ 50 ਫ਼ੀਸਦ ਹਾੜ੍ਹੀ ਦੀ ਫਸਲ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਵੀ ਸੂਬੇ ’ਚ ਲਗਾਤਾਰ ਕਈ ਦਿਨ ਮੀਂਹ ਪੈਣ ਕਰਕੇ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਜਲੰਧਰ, ਨਵਾਂ ਸ਼ਹਿਰ, ਹੁਸ਼ਿਆਰਪੁਰ, ਪਟਿਆਲਾ, ਫਤਿਗੜ੍ਹ ਸਾਹਿਬ, ਤਰਨਤਾਰਨ, ਮੋਗਾ ਅਤੇ ਸਰਹੱਦੀ ਜ਼ਿਲ੍ਹਿਆਂ ਵਿੱਚ ਭਾਰੀ ਨੁਕਸਾਨ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ’ਚ 24 ਘੰਟਿਆਂ ਦੌਰਾਨ ਅੰਮ੍ਰਿਤਸਰ ’ਚ 23.4 ਐੱਮਐੱਮ, ਲੁਧਿਆਣਾ ’ਚ 28.8, ਪਠਾਨਕੋਟ ’ਚ 41.9, ਫਰੀਦਕੋਟ ’ਚ 46.2, ਗੁਰਦਾਸਪੁਰ ’ਚ 30.6, ਫਿਰੋਜ਼ਪੁਰ ’ਚ 49, ਜਲੰਧਰ ’ਚ 53.5, ਮੋਗਾ ’ਚ 44.5, ਰੋਪੜ ’ਚ 32.5 ਤੇ ਗੁਰਦਾਸਪੁਰ ’ਚ 40 ਐੱਮਐੱਮ ਮੀਂਹ ਪਿਆ ਹੈ।

ਅਗਲੇ ਦਿਨਾਂ ’ਚ ਮੌਸਮ ਸਾਫ਼ ਹੋਣ ਨਾਲ ਝਾੜ ’ਤੇ ਜ਼ਿਆਦਾ ਅਸਰ ਨਹੀਂ ਹੋਵੇਗਾ: ਡਾਇਰੈਕਟਰ 

ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਬੇਮੌਸਮੇ ਮੀਂਹ ਕਰਕੇ 14 ਲੱਖ ਹੈਕਟੇਅਰ ਕਣਕ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਇਸ ਨਾਲ ਕਣਕ ਦੀ ਫ਼ਸਲ ਦਾ 12 ਤੋਂ 15 ਫ਼ੀਸਦ ਤੱਕ ਝਾੜ ਘਟਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਕਣਕ ਤੋਂ ਇਲਾਵਾ ਸੂਬੇ ’ਚ ਸਰ੍ਹੋਂ ਦੀ ਫਸਲ ਵੀ ਪੰਜ ਤੋਂ ਸੱਤ ਹਜ਼ਾਰ ਹੈਕਟੇਅਰ ਤੱਕ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਹੋ ਗਿਆ ਤਾਂ ਝਾੜ ’ਤੇ ਬਹੁਤਾ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਪਾਣੀ ਦੇਣ ਦੀ ਜ਼ਰੂਰਤ ਨਹੀਂ ਹੈ। ਇਸ ਤੋਂ ਇਲਾਵਾ ਫ਼ਸਲ ਪੱਕੀ ਹੋਣ ਕਰਕੇ ਖਾਦ ਦੀ ਵਰਤੋਂ ਵੀ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਕੁਝ ਹੇਠਲੇ ਇਲਾਕਿਆਂ ਵਿੱਚ ਫਸਲ ਪਾਣੀ ਵਿੱਚ ਡੁੱਬ ਗਈ ਹੈ, ਉੱਥੋਂ ਪਾਣੀ ਬਾਹਰ ਕੱਢਿਆ ਜਾਵੇ।

ਹਿਮਾਚਲ ’ਚ ਮੀਂਹ ਤੇ ਬਰਫ਼ਬਾਰੀ, ਦਿੱਲੀ ’ਚ ਵੀ ਭਰਵੀਂ ਬਾਰਿਸ਼ 

ਮਨਾਲੀ ’ਚ ਸ਼ਨਿਚਰਵਾਰ ਨੂੰ ਹੋਈ ਤਾਜ਼ਾ ਬਰਫ਼ਬਾਰੀ ਮਗਰੋਂ ਅਟਲ ਸੁਰੰਗ ਨੇੜਿਓਂ ਲੰਘਦੇ ਹੋਏ ਵਾਹਨ। -ਫੋਟੋ: ਪੀਟੀਆਈ

ਸ਼ਿਮਲਾ/ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਦੇ ਉੱਚੇ ਪਹਾੜੀ ਇਲਾਕਿਆਂ ਵਿਚ ਤਾਜ਼ਾ ਬਰਫ਼ਬਾਰੀ ਹੋਈ ਹੈ। ਇਸ ਕਾਰਨ ਸੂਬੇ ਦੇ ਦਰਮਿਆਨੇ ਤੇ ਉੱਚੇ ਪਹਾੜੀ ਖੇਤਰਾਂ ਵਿਚ ਸਰਦੀ ਨੇ ਦੁਬਾਰਾ ਜ਼ੋਰ ਫੜਿਆ ਹੈ। ਨੀਵੇਂ ਤੇ ਦਰਮਿਆਨੇ ਪਹਾੜੀ ਖੇਤਰਾਂ ਵਿਚ ਮੀਂਹ ਪਿਆ ਹੈ। ਮੌਸਮ ਵਿਭਾਗ ਨੇ 25-29 ਮਾਰਚ ਤੱਕ ਹਿਮਾਚਲ ਦੇ ਵੱਖ-ਵੱਖ ਥਾਵਾਂ ’ਤੇ ਬਿਜਲੀ ਚਮਕਣ ਤੇ ਝੱਖੜ ਝੁੱਲਣ ਦੀ ਚਿਤਾਵਨੀ ਦਿੱਤੀ ਹੈ।  ਦਿੱਲੀ ਵਿਚ ਵੀ ਪਿਛਲੇ 24 ਘੰਟਿਆਂ ਦੌਰਾਨ ਸ਼ਨਿਚਰਵਾਰ ਸਵੇਰ ਤੱਕ 12 ਐਮਐਮ ਮੀਂਹ ਪਿਆ। ਇਹ ਪਿਛਲੇ ਤਿੰਨ ਸਾਲਾਂ ਵਿਚ ਮਾਰਚ ਮਹੀਨੇ ’ਚ ਇਕ ਦਿਨ ਵਿਚ ਪਿਆ ਸਭ ਤੋਂ ਵੱਧ ਮੀਂਹ ਹੈ। ਹਿਮਾਚਲ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਦੇ ਗੌਂਡਲਾ ਤੇ ਕੇਲੌਂਗ ਵਿਚ ਅੱਜ 8.5 ਸੈਂਟੀਮੀਟਰ ਤੇ 2.6 ਸੈਂਟੀਮੀਟਰ ਬਰਫ਼ ਪਈ। ਜਦਕਿ ਡਲਹੌਜ਼ੀ, ਨੈਣਾ ਦੇਵੀ, ਕਾਂਗੜਾ, ਚੰਬਾ, ਊਨਾ, ਸੁੰਦਰਨਗਰ ਤੇ ਸ਼ਿਮਲਾ ਵਿਚ ਮੀਂਹ ਪਿਆ ਹੈ। ਖੇਤਰ ਵਿਚ ਅੱਜ ਸਰਦ ਹਵਾਵਾਂ ਚੱਲੀਆਂ ਤੇ ਘੱਟੋ-ਘੱਟੋ ਤਾਪਮਾਨ ਕਾਫ਼ੀ ਡਿੱਗ ਗਿਆ। ਇਹ ਆਮ ਨਾਲੋਂ 2-4 ਡਿਗਰੀ ਘੱਟ ਰਿਹਾ। ਇਸ ਦੌਰਾਨ ਬੱਦਲਵਾਈ ਵੀ ਰਹੀ। ਹਿਮਾਚਲ ਵਿਚ ਮੀਂਹ ਕਾਰਨ 17 ਸੜਕਾਂ ਬੰਦ ਹੋ ਗਈਆਂ। ਇਨ੍ਹਾਂ ਵਿਚ ਦੋ ਕੌਮੀ ਮਾਰਗ ਵੀ ਸ਼ਾਮਲ ਸਨ। ਬਿਜਲੀ ਸਪਲਾਈ ਵਿਚ ਵੀ ਵਿਘਨ ਪਿਆ। -ਪੀਟੀਆਈ   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਮੁੱਖ ਖ਼ਬਰਾਂ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਪਹਿਲਵਾਨ 15 ਜੂਨ ਤੱਕ ਸੰਘਰਸ਼ ਮੁਅੱਤਲ ਕਰਨ ਲਈ ਸਹਿਮਤ

ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਕੀਤੀ ਮੁਲਾਕਾਤ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਬਿਹਾਰ: ਪਟਨਾ ਵਿੱਚ ਹੁਣ 23 ਨੂੰ ਮਿਲਣਗੇ ਵਿਰੋਧੀ ਪਾਰਟੀਆਂ ਦੇ ਆਗੂ

ਰਾਹੁਲ, ਮਮਤਾ, ਕੇਜਰੀਵਾਲ ਤੇ ਸਟਾਲਿਨ ਮੀਟਿੰਗ ’ਚ ਸ਼ਾਮਲ ਹੋਣ ਲਈ ਰਾਜ਼ੀ...

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਯੂਪੀ: ਮੁਖਤਾਰ ਅੰਸਾਰੀ ਦੇ ਗੈਂਗ ਮੈਂਬਰ ਦੀ ਅਦਾਲਤ ’ਚ ਹੱਤਿਆ

ਵਕੀਲ ਦੇ ਪਹਿਰਾਵੇ ’ਚ ਆਏ ਵਿਅਕਤੀ ਨੇ ਮਾਰੀ ਗੋਲੀ; ਘਟਨਾ ’ਚ ਦੋ ਸਾਲਾਂ ...

ਸ਼ਹਿਰ

View All