ਨਵੀਂ ਦਿੱਲੀ, 15 ਜੂਨ
ਭਾਰਤੀ ਰੇਲਵੇ ਨੇ ਕੋਵਿਡ-19 ਦੇਖਭਾਲ ਵਾਰਡਾਂ ਵਿੱਚ ਤਬਦੀਲ ਕੀਤੇ 250 ਡੱਬੇ ਦਿੱਲੀ ਨੂੰ ਮੰਗਲਵਾਰ ਤੱਕ ਮੁਹੱਈਆ ਕਰਵਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਦਿੱਲੀ ਵਿਚਲੇ ਕਰੋਨਾਵਾਇਰਸ ਦੇ 8000 ਮਰੀਜ਼ਾਂ ਨੂੰ ਰੱਖਣ ਲਈ ਆਈਸੋਲੇਸ਼ਨ ਵਾਰਡਾਂ ’ਚ ਤਬਦੀਲ ਕੀਤੇ 500 ਰੇਲ ਦੇ ਡੱਬੇ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਸੀ।
ਭਾਰਤੀ ਰੇਲਵੇ ਜਿਸ ਨੇ ਕਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਯਾਤਰੀ ਰੇਲ ਸੇਵਾਵਾਂ 25 ਮਾਰਚ ਤੋਂ ਬੰਦ ਕਰ ਦਿੱਤੀਆਂ ਸਨ, ਵੱਲੋਂ 5231 ਡੱਬਿਆਂ ਨੂੰ ਆਈਸੋਲੇਸ਼ਨ ਵਾਰਡਾਂ ’ਚ ਤਬਦੀਲ ਕੀਤਾ ਗਿਆ ਹੈ। ਇਨ੍ਹਾਂ ਡੱਬਿਆਂ ਵਿੱਚ ਉਹ ਸਾਰੀਆਂ ਮੈਡੀਕਲ ਸਹੂਲਤਾਂ ਉਪਲਬਧ ਹਨ ਜੋ ਕਰੋਨਾਵਾਇਰਸ ਦੇ ਕੇਸਾਂ ਵਿੱਚ ਚਾਹੀਦੀਆਂ ਹੁੰਦੀਆਂ ਹਨ।
ਉੱਤਰ ਰੇਲਵੇ ਦੇ ਤਰਜਮਾਨ ਦੀਪਕ ਕੁਮਾਰ ਨੇ ਕਿਹਾ, ‘‘ਅਸੀਂ ਸ਼ਕੂਰ ਬਸਤੀ ਰੇਲਵੇ ਸਟੇਸ਼ਨ ’ਤੇ 54 ਆਈਸੋਲੇਸ਼ਨ ਵਾਰਡ ਕੋਚ ਲਗਾ ਦਿੱਤੇ ਹਨ। ਮੰਗਲਵਾਰ ਸ਼ਾਮ ਤੱਕ 170-180 ਆਈਸੋਲੇਸ਼ਨ ਵਾਰਡ ਕੋਚ ਆਨੰਦ ਵਿਹਾਰ ਸਟੇਸ਼ਨ ’ਤੇ ਲਗਾ ਦਿੱਤੇ ਜਾਣਗੇ।
20 ਆਈਸੋਲੇਸ਼ਨ ਵਾਰਡ ਕੋਚ ਦਿੱਲੀ ਸਰਕਾਰ ਵੱਲੋਂ ਤੈਅ ਕੀਤੇ ਗਏ ਸਟੇਸ਼ਨਾਂ ’ਤੇ ਲਗਾਏ ਜਾਣਗੇ।
ਇਸ ਤੋਂ ਇਲਾਵਾ 250 ਹੋਰ ਆਈਸੋਲੇਸ਼ਨ ਵਾਰਡ ਕੋਚ ‘ਆਪ’ ਸਰਕਾਰ ਦੀ ਲੋੜ ਮੁਤਾਬਕ ਲਗਾ ਦਿੱਤੇ ਜਾਣਗੇ। -ਆਈਏਐੱਨਐੱਸ
ਜ਼ਿਆਦਾ ਗਰਮੀ ਵਾਲੇ ਖੇਤਰਾਂ ਵਿੱਚ ਡੱਬਿਆਂ ਦੀਆਂ ਛੱਤਾਂ ਦੀ ਕੀਤੀ ਜਾਵੇਗੀ ਇਨਸੂਲੇਸ਼ਨ
ਨਵੀਂ ਦਿੱਲੀ: ਰੇਲਵੇ ਬੋਰਡ ਦੇ ਚੇਅਰਮੈਨ ਵੀ.ਕੇ. ਯਾਦਵ ਨੇ ਅੱਜ ਕਿਹਾ ਕਿ ਜ਼ਿਆਦਾ ਗਰਮੀ ਵਾਲੇ ਖੇਤਰਾਂ ਵਿੱਚ ਲਗਾਏ ਜਾਣ ਵਾਲੇ ਆਈਸੋਲੇਸ਼ਨ ਕੋਚਾਂ ਨੂੰ ਅੰਦਰੋਂ ਠੰਢਾ ਰੱਖਣ ਲਈ ਅਤੇ ਮਰੀਜ਼ਾਂ ਲਈ ਆਰਾਮਦਾਇਕ ਬਣਾਉਣ ਲਈ ਇਨ੍ਹਾਂ ਡੱਬਿਆਂ ਦੀਆਂ ਛੱਤਾਂ ਦੀ ਇਨਸੂਲੇਸ਼ਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੇਲਵੇ ਦੇ ਆਈਸੋਲੇਸ਼ਨ ਵਾਰਡ ਏਸੀ ਨਹੀਂ ਹਨ, ਇਸ ਵਾਸਤੇ ਜ਼ਿਆਦਾ ਗਰਮੀ ਵਾਲੇ ਖੇਤਰਾਂ ’ਚ ਡੱਬਿਆਂ ਅੰਦਰ ਗਰਮੀ ਘਟਾਉਣ ਲਈ ਇਨ੍ਹਾਂ ਦੀਆਂ ਛੱਤਾਂ ਦੀ ਇਨਸੂਲੇਸ਼ਨ ਕੀਤੀ ਜਾਵੇਗੀ। -ਪੀਟੀਆਈ