ਨਵੀਂ ਦਿੱਲੀ, 30 ਨਵੰਬਰ
ਰੇਲਵੇ ਨੇ ਦਸੰਬਰ ਤੇ ਜਨਵਰੀ ਵਿਚ ਵਧ ਰਹੀ ਠੰਢ ਤੇ ਧੁੰਦ ਕਾਰਨ 150 ਰੇਲ ਗੱਡੀਆਂ ਦਾ ਸਮਾਂ ਬਦਲ ਦਿੱਤਾ ਹੈ। ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਤਾਂ ਇਸ ਸਮੇਂ ਦੌਰਾਨ ਬੰਦ ਰਹਿਣਗੀਆਂ ਜਦਕਿ ਕਈ ਰੇਲ ਗੱਡੀਆਂ ਦੇ ਗੇੜੇ ਘਟਾਏ ਗਏ ਹਨ। ਵੱਡੀ ਗਿਣਤੀ ਰੇਲ ਗੱਡੀਆਂ ਬੰਦ ਹੋਣ ਨਾਲ ਦੂਜੀਆਂ ਰੇਲ ਗੱਡੀਆਂ ਵਿਚ ਭੀੜ ਵਧੇਗੀ ਜਿਸ ਕਾਰਨ ਰੇਲਵੇ ਨੇ ਆਉਣ ਵਾਲੇ ਮਹੀਨਿਆਂ ਵਿਚ ਯਾਤਰੀਆਂ ਨੂੰ ਚੌਕਸ ਕੀਤਾ ਹੈ।
30 ਰੇਲ ਗੱਡੀਆਂ ਰੱਦ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ):ਸੰਘਣੀ ਧੁੰਦ ਦੇ ਮੌਸਮ ਤੋਂ ਪਹਿਲਾਂ ਹੀ ਮੁਸਾਫ਼ਰਾਂ ਦੀ ਸੁਰੱਖਿਆ ਨੂੰ ਦੇਖਦਿਆਂ ਰੇਲਵੇ ਨੇ 30 ਮਹੱਤਵਪੂਰਨ ਗੱਡੀਆਂ ਅਤੇ ਜਨ ਸ਼ਤਾਬਦੀ ਨੂੰ ਅਗਲੇ ਤਿੰਨ ਮਹੀਨਿਆਂ ਤੱਕ ਰੱਦ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਨ੍ਹਾਂ ਗੱਡੀਆਂ ਦੇ ਰੱਦ ਹੋਣ ਕਾਰਨ ਕੁਦਰਤੀ ਹੈ ਕਿ ਦੂਜੀਆਂ ਗੱਡੀਆਂ ਵਿੱਚ ਭੀੜ ਵਧ ਜਾਵੇਗੀ। ਰੱਦ ਗੱਡੀਆਂ ਦਾ ਪੂਰਾ ਬਿਊਰਾ ਯਾਤਰੀ ਰੇਲਵੇ ਹੈਲਪ ਲਾਈਨ ਨੰਬਰ 139 ਸਮੇਤ ਰੇਲਵੇ ਦੀ ਯਾਤਰੀਆਂ ਨਾਲ ਜੁੜੀ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗੱਡੀ ਨੰਬਰ 14681 ਨਵੀਂ ਦਿੱਲੀ-ਜਲੰਧਰ ਇੰਟਰਸਿਟੀ ਐਕਸਪ੍ਰੈੱਸ 1 ਦਸੰਬਰ ਤੋਂ 28 ਫਰਵਰੀ, 2022 ਤੱਕ ਅੰਬਾਲਾ ਅਤੇ ਜਲੰਧਰ ਦੇ ਦਰਮਿਆਨ ਨਹੀਂ ਚੱਲੇਗੀ, ਜਦੋਂ ਕਿ ਗੱਡੀ ਨੰਬਰ 14682 ਜਲੰਧਰ-ਨਵੀਂ ਦਿੱਲੀ ਇੰਟਰਸਿਟੀ ਵੀ 2 ਦਸੰਬਰ ਤੋਂ 1 ਮਾਰਚ ਤੱਕ ਇਨ੍ਹਾਂ ਸਟੇਸ਼ਨਾਂ ਵਿਚਕਾਰ ਨਹੀਂ ਚੱਲੇਗੀ।