ਨਵੀਂ ਦਿੱਲੀ, 6 ਮਈ
ਰੇਲਵੇ ਪ੍ਰੋਟੈਕਸ਼ਨ ਫੋਰਸ (ਆਰਪੀਐੱਫ) ਅਤੇ ਕੈਲਾਸ਼ ਸਤਿਆਰਥੀ ਚਿਲਡਰਨ ਫਾਊਂਡੇਸ਼ਨ ਨੇ ਰੇਲਗੱਡੀਆਂ ਵਿੱਚ ਮਨੁੱਖੀ ਤਸਕਰੀ ਰੋਕਣ ਲਈ ਅੱਜ ਇੱਕ ਸਮਝੌਤੇ ’ਤੇ ਦਸਤਖ਼ਤ ਕੀਤੇ ਹਨ। ਆਰਪੀਐੱਫ ਦੇ ਡਾਇਰੈਕਟਰ ਜਨਰਲ ਸੰਜੈ ਚੰਦਰ ਨੇ ਲੰਘੇ ਮਹੀਨੇ 8 ਅਪਰੈਲ ਨੂੰ ਕੈਲਾਸ਼ ਸਤਿਆਰਥੀ ਚਿਲਡਰਨ ਫਾਊਂਡੇਸ਼ਨ (ਕੇਐੱਸਸੀਐੱਫ) ਦੀ ਸੀਈਓ ਰਜਨੀ ਸਿੱਬਲ ਨਾਲ ਮੀਟਿੰਗ ਕੀਤੀ ਸੀ, ਜਿਸ ਵਿੱਚ ਕੈਲਾਸ਼ ਸਤਿਆਰਥੀ ਵੀ ਮੌਜੂਦ ਸਨ। ਉਸ ਤੋਂ ਬਾਅਦ ਅੱਜ ਸ਼ੁੱਕਰਵਾਰ ਨੂੰ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ (ਐੱਮਓਯੂ) ’ਤੇ ਦਸਤਖ਼ਤ ਕੀਤੇ ਗਏ ਹਨ। ਰੇਲਵੇ ਮੰਤਰਾਲੇ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਐੱਮਓਯੂ ਤਹਿਤ ਆਰਪੀਐੱਫ ਅਤੇ ਏਵੀਏ (ਜਿਸ ਨੂੰ ਬਚਪਨ ਬਚਾਓ ਅੰਦੋਲਨ ਵਜੋਂ ਵੀ ਜਾਣਿਆ ਜਾਂਦਾ ਹੈ) ਨੇ ਮਨੁੱਖੀ ਤਸਕਰੀ ਖ਼ਿਲਾਫ਼ ਜਾਣਕਾਰੀ ਸਾਂਝੀ ਕਰਨ, ਆਰਪੀਐੱਫ ਜਵਾਨਾਂ ਅਤੇ ਰੇਲਵੇ ਮੁਲਾਜ਼ਮਾਂ ਦੀ ਸਮਰੱਥਾ ਵਿਕਾਸ ਲਈ ਰਲ ਕੇ ਕੰਮ ਕਰਨ ਦਾ ਅਹਿਦ ਕੀਤਾ ਹੈ। ਦੋਵੇਂ ਸੰਸਥਾਵਾਂ ਸੰਵੇਦਨਸ਼ੀਲਤਾ ਵਧਾਉਣ, ਜਾਗਰੂਕਤਾ ਪੈਦਾ ਅਤੇ ਮਨੁੱਖੀ ਤਸਕਰੀ ਦੇ ਕੇਸਾਂ ਦਾ ਪਤਾ ਲਾਉਣ ਲਈ ਵੀ ਇਕੱਠਿਆਂ ਕੰਮ ਕਰਨਗੀਆਂ। -ਪੀਟੀਆਈ